ਜਲੰਧਰ : ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ (Mahendra Bhagat) ਨੂੰ ਵੋਟਾਂ ਵਿਚਾਲੇ ਲਗਾਤਾਰ ਵਧਦੇ ਰੁਝਾਨ ‘ਚ ਵੱਡੀ ਲੀਡ ਮਿਲ ਰਹੀ ਹੈ, ਜਿਸ ਕਾਰਨ ਉਨ੍ਹਾਂ ਦੀ ਜਿੱਤ ਦੀ ਤਸਵੀਰ ਵੀ ਸਪੱਸ਼ਟ ਹੁੰਦੀ ਜਾ ਰਹੀ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਹਿੰਦਰ ਸਿੰਘ ਭਗਤ ਨੇ ਵੋਟਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਲੰਧਰ ਪੱਛਮੀ ਦੇ ਲੋਕਾਂ ਨੇ ਮੁੱਖ ਮੰਤਰੀ ਮਾਨ ਦੇ ਕੰਮਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਹੀ ਇਹ ਵੋਟਾਂ ਮਿਲੀਆਂ ਹਨ। ਪਿਛਲੀ ਵਾਰ ਹੋਈ ਹਾਰ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਗੱਲ ਹੈ, ਜਨਤਾ ਆਪਣਾ ਫਤਵਾ ਦਿੰਦੀ ਹੈ। ਇਸ ਵਾਰ ਜਨਤਾ ਨੇ ਆਪਣਾ ਫ਼ੈਸਲਾ ਸੁਣਾ ਦਿੱਤਾ ਹੈ।
CM ਮਾਨ ਦੇ ਮੰਤਰੀ ਮੰਡਲ ‘ਚ ਮੰਤਰੀ ਬਣਨ ਦੇ ਸਵਾਲ ‘ਤੇ ਭਗਤ ਨੇ ਕਿਹਾ ਕਿ ਇਹ ਫ਼ੈਸਲਾ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਣਾ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਚੋਣ ਪ੍ਰਚਾਰ ਦੌਰਾਨ ਸੀ.ਐਮ.ਮਾਨ ਨੇ ਇਲਾਕੇ ਦੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਮੈਨੂੰ ਵਿਧਾਇਕ ਬਣਾਓ, ਮੈਂ ਮੰਤਰੀ ਬਣਾਵਾਂਗਾ, ਇਸ ‘ਤੇ ਭਗਤ ਨੇ ਕਿਹਾ ਕਿ ਸੀ.ਐੱਮ ਸਾਹਿਬ ਜੋ ਵੀ ਵਾਅਦਾ ਕਰਦੇ ਹਨ, ਉਹ ਜ਼ਰੂਰ ਪੂਰਾ ਕਰਦੇ ਹਨ। ਇਸ ਦੇ ਨਾਲ ਹੀ ਉਮੀਦਵਾਰ ਭਗਤ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਧਿਆਨ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਵੱਲ ਰਹੇਗਾ।