ਸਪੋਰਟਸ ਨਿਊਜ਼ : ਪੀ.ਸੀ.ਬੀ ਨੇ ਚੈਂਪੀਅਨਜ਼ ਟਰਾਫੀ ਦੇ ਅਸਥਾਈ ਸ਼ਡਿਊਲ ਵਿੱਚ 1 ਮਾਰਚ ਨੂੰ ਕੱਟੜ ਵਿਰੋਧੀ ਭਾਰਤ ਅਤੇ ਪਾਕਿਸਤਾਨ (India and Pakistan) ਵਿਚਾਲੇ ਮੈਚ ਨੂੰ ਰੱਖਿਆ ਹੈ। ਬੀ.ਸੀ.ਸੀ.ਆਈ (ਭਾਰਤੀ ਕ੍ਰਿਕਟ ਬੋਰਡ) ਨੇ ਅਜੇ ਤੱਕ ਇਸ ਲਈ ਸਹਿਮਤੀ ਨਹੀਂ ਦਿੱਤੀ ਹੈ। ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈ.ਸੀ.ਸੀ) ਬੋਰਡ ਦੇ ਸੀਨੀਅਰ ਮੈਂਬਰ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਟੂਰਨਾਮੈਂਟ ਅਗਲੇ ਸਾਲ 19 ਫਰਵਰੀ ਤੋਂ 9 ਮਾਰਚ ਤੱਕ ਖੇਡਿਆ ਜਾਵੇਗਾ, ਜਿਸ ਵਿੱਚ 10 ਮਾਰਚ ਨੂੰ ‘ਰਿਜ਼ਰਵ ਡੇਅ’ ਹੋਵੇਗਾ। ਜਾਣਕਾਰੀ ਮਿਲੀ ਹੈ ਕਿ ਪੀ.ਸੀ.ਬੀ ਦੇ ਚੇਅਰਮੈਨ ਮੋਹਸਿਨ ਨਕਵੀ ਨੇ 15 ਮੈਚਾਂ ਦਾ ਸ਼ਡਿਊਲ ਸੌਂਪਿਆ ਹੈ, ਜਿਸ ਵਿੱਚ ਸੁਰੱਖਿਆ ਅਤੇ ‘ਲੌਜਿਸਟਿਕਲ’ ਕਾਰਨਾਂ ਕਰਕੇ ਭਾਰਤ ਦੇ ਮੈਚ ਲਾਹੌਰ ਵਿੱਚ ਰੱਖੇ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਨਕਵੀ ਨੂੰ ਟੀ-20 ਵਿਸ਼ਵ ਕੱਪ ਫਾਈਨਲ ਦੇਖਣ ਲਈ ਬਾਰਬਾਡੋਸ ਬੁਲਾਇਆ ਗਿਆ ਸੀ।
ਬੀ.ਸੀ.ਸੀ.ਆਈ ਨੇ ਅਜੇ ਤੱਕ ਮਨਜ਼ੂਰੀ ਨਹੀਂ ਦਿੱਤੀ:-
1996 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਪਾਕਿਸਤਾਨ ਕਿਸੇ ਵੱਡੇ ਆਈ.ਸੀ.ਸੀ ਟੂਰਨਾਮੈਂਟ ਦੀ ਮੇਜ਼ਬਾਨੀ ਕਰੇਗਾ, ਹਾਲਾਂਕਿ ਉਸ ਨੇ 2008 ਵਿੱਚ ਪੂਰੇ ਏਸ਼ੀਆ ਕੱਪ ਦੀ ਮੇਜ਼ਬਾਨੀ ਕੀਤੀ ਸੀ ਅਤੇ ਪਿਛਲੇ ਸਾਲ ਵੀ ਇਸੇ ਟੂਰਨਾਮੈਂਟ ਦੇ ਕੁਝ ਮੈਚ ਆਪਣੀ ਧਰਤੀ ‘ਤੇ ਖੇਡੇ ਸਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਅਜੇ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਕੀਤੀ ਹੈ ਕਿ ਉਹ ਰਾਸ਼ਟਰੀ ਟੀਮ ਨੂੰ ਆਈ.ਸੀ.ਸੀ ਟੂਰਨਾਮੈਂਟ ਲਈ ਪਾਕਿਸਤਾਨ ਭੇਜੇਗਾ ਜਾਂ ਨਹੀਂ।
ਦੋ ਗਰੁੱਪਾਂ ਵਿੱਚ ਵੰਡਿਆ ਗਿਆ ਅੱਠ ਟੀਮਾਂ ਨੂੰ:-
ਭਾਰਤ ਨੂੰ ਗਰੁੱਪ ਏ ਪਾਕਿਸਤਾਨ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਦੇ ਨਾਲ ਰੱਖਿਆ ਗਿਆ ਹੈ। ਗਰੁੱਪ ਬੀ ਵਿੱਚ ਆਸਟ੍ਰੇਲੀਆ, ਦੱਖਣੀ ਅਫਰੀਕਾ, ਇੰਗਲੈਂਡ ਅਤੇ ਅਫਗਾਨਿਸਤਾਨ ਸ਼ਾਮਲ ਹਨ।ਹਾਲ ਹੀ ਵਿੱਚ, ਆਈ.ਸੀ.ਸੀ ਈਵੈਂਟਸ ਦੇ ਮੁਖੀ ਕ੍ਰਿਸ ਟੈਟਲੀ ਨੇ ਇਸਲਾਮਾਬਾਦ ਵਿੱਚ ਪੀ.ਸੀ.ਬੀ ਦੇ ਚੇਅਰਮੈਨ ਮੋਹਸਿਨ ਨਕਵੀ ਨਾਲ ਮੁਲਾਕਾਤ ਕੀਤੀ ਸੀ।ਸੁਰੱਖਿਆ ਟੀਮ ਵੱਲੋਂ ਸਥਾਨਾਂ ਅਤੇ ਹੋਰ ਪ੍ਰਬੰਧਾਂ ਦਾ ਮੁਆਇਨਾ ਕੀਤਾ ਸੀ।
The post ਭਾਰਤ ‘ਤੇ ਪਾਕਿਸਤਾਨ ਵਿਚਾਲੇ ਲਾਹੌਰ ਵਿਖੇ 1 ਮਾਰਚ ਨੂੰ ਹੋ ਸਕਦਾ ਹੈ ਮੁਕਾਬਲਾ appeared first on Time Tv.