ਹਰਿਆਣਾ : ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਣੀ ਰਾਮਪਾਲ (Former captain Rani Rampal) ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਗਰੀਬ ਪਰਿਵਾਰ ਤੋਂ ਬੁਲੰਦੀਆਂ ‘ਤੇ ਪਹੁੰਚੀ ਰਾਣੀ ਰਾਮਪਾਲ ਦੀ ਜ਼ਿੰਦਗੀ ਕਿਸੇ ਮਿਸਾਲ ਤੋਂ ਘੱਟ ਨਹੀਂ ਹੈ। ਅੱਜ ਲੋਕ ਆਪਣੀਆਂ ਧੀਆਂ ਨੂੰ ਰਾਣੀ ਵਰਗਾ ਬਣਾਉਣਾ ਚਾਹੁੰਦੇ ਹਨ। ਰਾਣੀ ਰਾਮਪਾਲ ਦਾ ਹਾਕੀ ਕਰੀਅਰ ਕਰੀਬ 16 ਸਾਲ ਤੱਕ ਚੱਲਿਆ। ਇਸ ਦੌਰਾਨ ਉਨ੍ਹਾਂ ਨੇ ਕਈ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ। ਇਨ੍ਹਾਂ ਵਿੱਚ ਲਗਾਤਾਰ ਦੋ ਵਾਰ ਓਲੰਪਿਕ ਵਿੱਚ ਭਾਰਤੀ ਟੀਮ ਦੀ ਕਪਤਾਨੀ ਕਰਨਾ ਵੀ ਸ਼ਾਮਲ ਹੈ।

ਹਰਿਆਣਾ ਦੀ ਰਹਿਣ ਵਾਲੀ ਹੈ ਰਾਣੀ ਰਾਮਪਾਲ

ਦੱਸ ਦੇਈਏ ਕਿ ਰਾਣੀ ਰਾਮਪਾਲ ਹਰਿਆਣਾ ਦੇ ਰਹਿਣ ਵਾਲੇ ਹਨ । ਰਾਣੀ ਦਾ ਜਨਮ 1994 ਵਿੱਚ ਕੁਰੂਕਸ਼ੇਤਰ ਜ਼ਿਲ੍ਹੇ ਦੇ ਸ਼ਾਹਾਬਾਦ ਵਿੱਚ ਹੋਇਆ ਸੀ। ਰਾਣੀ ਰਾਮਪਾਲ ਬਹੁਤ ਗਰੀਬ ਪਰਿਵਾਰ ਤੋਂ ਆਉਂਦੇ ਹਨ। ਉਨ੍ਹਾਂ ਦੇ ਪਿਤਾ ਰਾਮਪਾਲ ਘੋੜਾ ਗੱਡੀ ਚਲਾਉਂਦੇ ਸਨ ਅਤੇ ਇੱਟਾਂ ਵੇਚਦੇ ਸਨ। ਜਦੋਂ ਰਾਣੀ ਨੇ ਹਾਕੀ ਖੇਡਣ ਲਈ ਜ਼ੋਰ ਪਾਇਆ ਤਾਂ ਪਰਿਵਾਰ ਕੋਲ ਰਾਣੀ ਦੀਆਂ ਲੋੜਾਂ ਪੂਰੀਆਂ ਕਰਨ ਲਈ ਪੈਸੇ ਨਹੀਂ ਸਨ। ਇਸ ਦੇ ਬਾਵਜੂਦ ਰਾਣੀ ਨੇ ਹਾਕੀ ਵਿੱਚ ਅੱਗੇ ਵਧਣ ਦਾ ਹੌਸਲਾ ਨਹੀਂ ਹਾਰਿਆ।

2009 ਵਿੱਚ ਪਹਿਲੀ ਵਾਰ ਭਾਰਤੀ ਟੀਮ ਵਿੱਚ ਗਏ ਚੁਣੇ

ਰਾਣੀ ਰਾਮਪਾਲ ਨੂੰ 2009 ਵਿੱਚ ਪਹਿਲੀ ਵਾਰ ਭਾਰਤੀ ਹਾਕੀ ਟੀਮ ਵਿੱਚ ਚੁਣਿਆ ਗਿਆ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 15 ਸਾਲ ਦੇ ਕਰੀਬ ਸੀ। ਜੂਨੀਅਰ ਵਿਸ਼ਵ ਕੱਪ 2009 ਵਿੱਚ ਜਰਮਨੀ ਵਿੱਚ ਖੇਡਿਆ ਗਿਆ ਸੀ। ਭਾਰਤ ਨੇ ਇਸ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਰਾਣੀ ਪਹਿਲੀ ਵਾਰ ਭਾਰਤੀ ਟੀਮ ਵਿੱਚ ਖੇਡ ਰਹੇ ਸਨ। ਇੰਗਲੈਂਡ ਖ਼ਿਲਾਫ਼ ਫਾਈਨਲ ਮੈਚ ਵਿੱਚ ਰਾਣੀ ਨੇ ਤਿੰਨ ਗੋਲ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਉਹ ਇਸ ਮੁਕਾਬਲੇ ਵਿੱਚ ਪਲੇਅਰ ਆਫ ਦਿ ਟੂਰਨਾਮੈਂਟ ਰਹੇ । ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਰਾਣੀ ਰਾਮਪਾਲ 200 ਤੋਂ ਵੱਧ ਅੰਤਰਰਾਸ਼ਟਰੀ ਮੈਚ ਖੇਡ ਚੁੱਕੇ ਹਨ।

ਪਦਮ ਸ਼੍ਰੀ ਅਤੇ ਖੇਡ ਰਤਨ ਨਾਲ ਕੀਤਾ ਗਿਆ ਸਨਮਾਨਿਤ

ਰਾਣੀ ਰਾਮਪਾਲ ਨੂੰ ਹਾਕੀ ਵਿੱਚ ਉਨ੍ਹਾਂ ਦੀਆਂ ਕਈ ਪ੍ਰਾਪਤੀਆਂ ਲਈ ਕਈ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਾ ਹੈ। ਭਾਰਤ ਸਰਕਾਰ ਨੇ ਰਾਣੀ ਰਾਮਪਾਲ ਨੂੰ 2020 ਵਿੱਚ ਪਦਮ ਸ਼੍ਰੀ ਅਤੇ ਰਾਜੀਵ ਗਾਂਧੀ ਖੇਲ ਰਤਨ ਨਾਲ ਸਨਮਾਨਿਤ ਕੀਤਾ।

Leave a Reply