ਵਾਸ਼ਿੰਗਟਨ: ਇੱਕ ਉੱਘੇ ਭਾਰਤੀ-ਅਮਰੀਕੀ ਕੈਂਸਰ (Indian-American cancer) ਮਾਹਿਰ (ਰੇਡੀਏਸ਼ਨ ਔਨਕੋਲੋਜਿਸਟ) ਨੇ ਭਾਰਤੀ ਬਜਟ ਵਿੱਚ ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੇ ਵਿਰੁੱਧ 9 ਤੋਂ 14 ਸਾਲ ਦੀਆਂ ਲੜਕੀਆਂ ਨੂੰ ਟੀਕਾਕਰਨ ਬਾਰੇ ਕੀਤੇ ਗਏ ਐਲਾਨ ਦੀ ਬੀਤੇ ਦਿਨ ਸ਼ਲਾਘਾ ਕੀਤੀ ਹੈ। ਡਾ: ਦੱਤਾਤ੍ਰੇਯੁਡੂ ਨੋਰੀ ਨੇ ਪੀਟੀਆਈ ਨੂੰ ਦੱਸਿਆ, ‘ਬਜਟ ਵਿੱਚ ਸਰਵਾਈਕਲ ਕੈਂਸਰ ਲਈ ਰੋਕਥਾਮ ਪ੍ਰੋਗਰਾਮਾਂ ‘ਤੇ ਜ਼ੋਰ ਦਿੱਤਾ ਜਾਣਾ ਭਾਰਤ ਵਿੱਚ ਇੱਕ ਮਹੱਤਵਪੂਰਨ ਜਨਤਕ ਸਿਹਤ ਸਮੱਸਿਆ ਨੂੰ ਹੱਲ ਕਰਨ ਵੱਲ ਇੱਕ ਸ਼ਲਾਘਾਯੋਗ ਕਦਮ ਹੈ। ਬੱਚੇਦਾਨੀ ਦੇ ਮੂੰਹ ਦੇ ਕੈਂਸਰ ਦੀ ਰੋਕਥਾਮ ਲਈ 9-14 ਸਾਲ ਦੀਆਂ ਲੜਕੀਆਂ ਨੂੰ ਟੀਕਾਕਰਨ ਕਰਨ ਦਾ ਉਪਰਾਲਾ ਵਿਸ਼ੇਸ਼ ਤੌਰ ‘ਤੇ ਸ਼ਲਾਘਾਯੋਗ ਹੈ, ਕਿਉਂਕਿ ਇਹ ਬਿਮਾਰੀ ਦੇਸ਼ ਵਿੱਚ ਹਰ ਰੋਜ਼ 150 ਤੋਂ ਵੱਧ ਔਰਤਾਂ ਦੀ ਜਾਨ ਲੈ ਲੈਂਦੀ ਹੈ।
ਦਵਾਈ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ 2015 ਵਿੱਚ ਪਦਮਸ਼੍ਰੀ ਨਾਲ ਸਨਮਾਨਿਤ ਡਾਕਟਰ ਨੋਰੀ ਨੇ ਕਿਹਾ ਕਿ ਸਰਵਾਈਕਲ ਕੈਂਸਰ ਭਾਰਤ ਵਿੱਚ ਔਰਤਾਂ ਵਿੱਚ ਪਾਇਆ ਜਾਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਹੈ, ਜਿਸ ਵਿੱਚ ਹਰ ਸਾਲ 85,000 ਤੋਂ ਵੱਧ ਨਵੇਂ ਕੇਸ ਸਾਹਮਣੇ ਆਉਂਦੇ ਹਨ ਅਤੇ ਹਰ ਸਾਲ ਇਸ ਨਾਲ ਲਗਭਗ 50,000 ਮੌਤਾਂ ਹੁੰਦੀਆਂ ਹਨ। ਸਾਲ 2022 ਵਿੱਚ 14.6 ਲੱਖ ਕੈਂਸਰ ਦੇ ਮਾਮਲੇ ਸਨ, ਜੋ ਕਿ ਸਾਲ 2025 ਵਿੱਚ ਵੱਧ ਕੇ 15.7 ਲੱਖ ਹੋਣ ਦੀ ਸੰਭਾਵਨਾ ਹੈ। ਡਾ: ਨੋਰੀ ਨੇ ‘ਮੈਮੋਰੀਅਲ ਸਲੋਅਨ ਕੇਟਰਿੰਗ ਕੈਂਸਰ ਸੈਂਟਰ’ ਅਤੇ ਕਾਰਨੇਲ ਯੂਨੀਵਰਸਿਟੀ ਦੇ ‘ਨਿਊਯਾਰਕ-ਪ੍ਰੈਸਬੀਟੇਰੀਅਨ ਹਸਪਤਾਲ’ ਵਰਗੀਆਂ ਵੱਕਾਰੀ ਸੰਸਥਾਵਾਂ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕੈਂਸਰ ਦੇ ਇਲਾਜ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ ਹੈ।
The post ਭਾਰਤੀ-ਅਮਰੀਕੀ ਕੈਂਸਰ ਮਾਹਿਰ ਨੇ ਭਾਰਤ ਦੀ ਕੀਤੀ ਸ਼ਲਾਘਾ appeared first on Time Tv.