ਲੁਧਿਆਣਾ : ਕਿਸਾਨ ਸੰਘਰਸ਼ ਦੌਰਾਨ ਦਿੱਲੀ ’ਚ ਬੱਸਾਂ ਦੇ ਦਾਖਲੇ ’ਤੇ ਪਾਬੰਦੀ ਲਗਾਈ ਗਈ ਹੈ, ਜਿਸ ਕਾਰਨ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਬੱਸਾਂ (Punjab Roadways and PRTC buses) ਦੀ ਆਨਲਾਈਨ ਬੁਕਿੰਗ ਵੀ ਬੰਦ ਕਰ ਦਿੱਤੀ ਗਈ ਹੈ, ਜਦੋਂਕਿ ਹਰ ਤਰ੍ਹਾਂ ਦੇ ਵਾਹਨਾਂ ਲਈ ਦਿੱਲੀ ਦੀਆਂ ਸਰਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ।

ਇਸ ਸੰਘਰਸ਼ ਕਾਰਨ ਜਿੱਥੇ ਬੱਸਾਂ ਬੰਦ ਹੋ ਗਈਆਂ ਹਨ, ਉੱਥੇ ਯਾਤਰੀਆਂ ਨੂੰ ਵੀ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਉਨ੍ਹਾਂ ਲਈ ਆਪਣੀ ਮੰਜ਼ਿਲ ’ਤੇ ਪੁੱਜਣਾ ਮੁਸ਼ਕਲ ਹੋ ਗਿਆ ਹੈ। ਹਾਲਾਤ ਨੂੰ ਦੇਖਦੇ ਹੋਏ ਪੰਜਾਬ ਰੋਡਵੇਜ਼ ਅਤੇ ਪੀ. ਆਰ. ਟੀ. ਸੀ. ਅਧਿਕਾਰੀਆਂ ਨੇ ਪੰਜਾਬ ਤੋਂ ਜਾਣ ਵਾਲੀਆਂ ਬੱਸਾਂ ਬੰਦ ਕਰ ਦਿੱਤੀਆਂ ਹਨ। ਪੰਜਾਬ ਜਾਣ ਵਾਲੀਆਂ ਬੱਸਾਂ ਨੂੰ ਹਟਾ ਕੇ ਚੰਡੀਗੜ੍ਹ ਰੂਟ ’ਤੇ ਰਵਾਨਾ ਕੀਤਾ ਪਰ ਰਸਤਾ ਡਾਇਵਰਟ ਕੀਤੇ ਜਾਣ ਕਾਰਨ ਵੀ ਭਾਰੀ ਜਾਮ ’ਚ ਕਈ ਬੱਸਾਂ ਫਸੀਆਂ ਰਹੀਆਂ।

ਪੰਜਾਬ ਰੋਡਵੇਜ਼ ਦੇ ਜਨਰਲ ਮੈਨੇਜਰ ਰਣਜੀਤ ਸਿੰਘ ਬੱਗਾ ਨੇ ਦੱਸਿਆ ਕਿ ਕਿਸਾਨ ਸੰਘਰਸ਼ ਕਾਰਨ ਵਿਭਾਗ ਨੇ ਪਹਿਲਾਂ ਹੀ ਚੌਕਸੀ ਵਰਤਣੀ ਸ਼ੁਰੂ ਕਰ ਦਿੱਤੀ ਸੀ ਕਿਉਂਕਿ ਸਵਾਰੀਆਂ ਨਾਲ ਭਰੀਆਂ ਬੱਸਾਂ ਨੂੰ ਕੋਈ ਨੁਕਸਾਨ ਨਾ ਹੋਵੇ। ਉਨ੍ਹਾਂ ਕਿਹਾ ਕਿ ਬੱਸਾਂ ਦੀ ਆਨਲਾਈਨ ਬੁਕਿੰਗ ਵੀ ਬੰਦ ਕਰ ਦਿੱਤੀ ਗਈ ਹੈ ਅਤੇ ਦਿੱਲੀ, ਅੰਬਾਲਾ, ਜੈਪੁਰ ਅਤੇ ਲੰਬੇ ਰੂਟਾਂ ’ਤੇ ਜਾਣ ਵਾਲੀਆਂ ਸਾਰੀਆਂ ਬੱਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਯਾਤਰੀਆਂ ਦੀ ਬੱਸ ਅੱਡੇ ’ਤੇ ਵਧਦੀ ਭੀੜ ਨੂੰ ਦੇਖਦੇ ਹੋਏ ਅਨਾਊਂਸਮੈਂਟ ਵੀ ਕਰਵਾਈ ਜਾ ਰਹੀ ਹੈ।

Leave a Reply