ਫਰੀਦਕੋਟ : ਲੋਕ ਸਭਾ ਚੋਣਾਂ (Lok Sabha elections) ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ, ਇਸ ਦੌਰਾਨ ਹੰਸ ਰਾਜ ਹੰਸ ਭਾਜਪਾ ਵੱਲੌਂ ਆਪਣਾ ਚੋਣ ਪ੍ਰਚਾਰ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਹੰਸ ਰਾਜ ਹੰਸ ਟਿਕਟ ਮਿਲਣ ਤੋਂ ਬਾਅਦ ਪਹਿਲੀ ਵਾਰ ਫਰੀਦਕੋਟ ਪਹੁੰਚੇ। ਫਰੀਦਕੋਟ ਪਹੁੰਚਣ ‘ਤੇ, ਉਨ੍ਹਾਂ ਨੇ ਸਭ ਤੋਂ ਪਹਿਲਾਂ 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਦੇ ਅਸਥਾਨ ਬਾਬਾ ਫਰੀਦ ਟਿੱਲਾ ਵਿਖੇ ਨਤਮਸਤਕ ਹੋਏ। ਇੱਥੇ ਉਨ੍ਹਾਂ ਆਪਣੀ ਜਿੱਤ ਅਤੇ ਸਾਰਿਆਂ ਦੀ ਖੁਸ਼ੀ ਲਈ ਅਰਦਾਸ ਕੀਤੀ।
ਇਸ ਮੌਕੇ ਬਾਬਾ ਫ਼ਰੀਦ ਟਿੱਲਾ ਕਮੇਟੀ ਵਲੋਂ ਹੰਸਰਾਜ ਹੰਸ ਦਾ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ ਗਿਆ। ਇੱਥੇ ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦਾ ਸਲੋਕ ਗਾਇਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਇੱਥੇ ਨਾ ਤਾਂ ਕਿਸੇ ਦਾ ਬੁਰਾ ਬੋਲਣ ਆਏ ਹਨ ਅਤੇ ਨਾ ਹੀ ਕਿਸੇ ਦਾ ਵਿਰੋਧ ਕਰਨ ਆਏ ਹਨ। ਉਹ ਇੱਥੇ ਸਾਰਿਆਂ ਨੂੰ ਪਿਆਰ ਕਰਨ ਆਏ ਹਨ। ਬਾਬਾ ਫ਼ਰੀਦ ਟਿੱਲਾ ਵਿਖੇ ਮੱਥਾ ਟੇਕਣ ਉਪਰੰਤ ਉਹ ਉਥੋਂ ਕੁਝ ਕਦਮਾਂ ਦੀ ਦੂਰੀ ‘ਤੇ ਸਥਿਤ ਦੇਵੀ ਦੁਆਰ ਮੰਦਿਰ ਵੀ ਪੁੱਜੇ, ਜਿੱਥੇ ਮੰਦਰ ਕਮੇਟੀ ਵਲੋਂ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ ।ਇਸ ਦੌਰਾਨ ਭਾਜਪਾ ਵਰਕਰ ਉਨ੍ਹਾਂ ਦੇ ਨਾਲ ਸਨ।