ਤਲਵੰਡੀ ਭਾਈ : ਸਿੰਥੈਟਿਕ ਦੁੱਧ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟ ਅਤੇ ਨਕਲੀ ਉਤਪਾਦਾਂ ਤੋਂ ਬਾਅਦ ਹੁਣ ਪੰਜਾਬ ਵਿੱਚ ਵੱਡੇ ਪੱਧਰ ‘ਤੇ ਨਕਲੀ ਦੇਸੀ ਘਿਓ ਦੀ ਵਿਕਰੀ ਦਾ ਮਾਮਲਾ ਸਾਹਮਣੇ ਆਇਆ ਹੈ। ਤਲਵੰਡੀ ਭਾਈ ਨੇੜੇ ਪਿੰਡ ਬਘੇਲੇਵਾਲਾ ਦੇ ਇੱਕ ਮਜ਼ਦੂਰ ਵੱਲੋਂ ਆਪਣੇ ਪਰਿਵਾਰ ਦੇ ਖਾਣ ਲਈ ਲਿਆਂਦੇ ਗਏ ਦੇਸੀ ਘਿਓ ਦੀ ਜਾਂਚ ਕਰਨ ‘ਤੇ 25 ਫ਼ੀਸਦੀ ਘਿਓ ਅਸਲੀ ਅਤੇ 75 ਫ਼ੀਸਦੀ ਦੇ ਮਿਲਾਵਟੀ ਹੋਣ ਦੀ ਪੁਸ਼ਟੀ ਹੋਈ ਹੈ।
ਉਕਤ ਵਿਅਕਤੀ ਜਗਜੀਤ ਸਿੰਘ ਨੇ ਦੱਸਿਆ ਕਿ ਹਾਲ ਹੀ ਵਿਚ ਉਸ ਨੇ ਮੋਗਾ ਦੇ ਇਕ ਦੁਕਾਨਦਾਰ ਤੋਂ 2 ਕਿਲੋ ਦੇਸੀ ਘਿਓ ਖਰੀਦਿਆ ਸੀ। ਅੱਜ ਮੈਂ ਉਸ ਵਿੱਚੋਂ ਥੋੜ੍ਹਾ ਜਿਹਾ ਘਿਓ ਕੱਢਿਆ ਤਾਂ ਦੇਖਿਆ ਕਿ ਘਿਓ ਦੇ ਹੇਠਾਂ ਕੁਝ ਮਿਲਾਵਟੀ ਪਦਾਰਥ ਸੀ। ਇਹ ਘਿਓ ਕੁਝ ਹੋਰ ਲੋਕਾਂ ਨੂੰ ਦਿਖਾਉਣ ਤੋਂ ਬਾਅਦ ਉਸ ਨੇ ਇਕ ਡਾਕਟਰ ਨੂੰ ਵੀ ਦਿਖਾਇਆ, ਜਿਸ ‘ਤੇ ਉਸ ਨੇ ਇਸ ਘਿਓ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਘਿਓ ‘ਚੋਂ ਸਿਰਫ 25 ਫੀਸਦੀ ਹੀ ਅਸਲੀ ਹੈ ਜਦਕਿ ਬਾਕੀ ਨਕਲੀ ਹੈ, ਜੋ ਰਿਫਾਈਂਡ ਅਤੇ ਹੋਰ ਪਦਾਰਥਾਂ ਤੋਂ ਤਿਆਰ ਕੀਤਾ ਜਾਂਦਾ ਹੈ।
ਜਗਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਇਹ ਘਿਓ 600 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦਿਆ ਸੀ। ਅਜਿਹੇ ਦੇਸੀ ਘਿਓ ਜਿਸ ਦਾ ਸੇਵਨ ਸਿਹਤਮੰਦ ਸਰੀਰ ਲਈ ਕੀਤਾ ਜਾਂਦਾ ਹੈ, ਸਿਹਤ ਲਈ ਕਿੰਨਾ ਖਤਰਨਾਕ ਸਾਬਤ ਹੋ ਸਕਦਾ ਹੈ, ਇਸ ਦਾ ਅੰਦਾਜ਼ਾ ਲਗਾਉਣਾ ਅਸੰਭਵ ਹੈ। ਸਿਹਤ ਵਿਭਾਗ ਨੂੰ ਚਾਹੀਦਾ ਹੈ ਕਿ ਅਜਿਹੇ ਮਿਲਾਵਟੀ ਉਤਪਾਦ ਤਿਆਰ ਕਰਕੇ ਮਨੁੱਖੀ ਜ਼ਿੰਦਗੀ ਨਾਲ ਖਿਲਵਾੜ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।