ਚੰਡੀਗੜ੍ਹ, 15 ਫਰਵਰੀ: ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੁੜ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਤਹਿਤ ਖੇਡਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਖੇਡ ਐਸੋਸੀਏਸ਼ਨਾਂ (sports associations) ਲਈ ਸਪੋਰਟਸ ਕੋਡ (sports code) ਬਣਾਇਆ ਗਿਆ ਹੈ।

ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡਾਂ ਦੀ ਬਿਹਤਰੀ ਲਈ ਲਗਾਤਾਰ ਕੀਤੇ ਜਾ ਰਹੇ ਉਪਰਾਲਿਆਂ ਨੂੰ ਅੱਗੇ ਵਧਾਉਂਦਿਆਂ ਸੂਬੇ ਅੰਦਰ ਚੱਲ ਰਹੀਆਂ ਖੇਡਾਂ ਦੀਆਂ ਐਸੋਸੀਏਸ਼ਨਾਂ ਦੀ ਬਿਹਤਰ ਕਾਰਗੁਜ਼ਾਰੀ ਲਈ ਖੇਡ ਵਿਭਾਗ ਵੱਲੋਂ ਮਾਹਿਰਾਂ ਦੀ ਰਾਏ ਨਾਲ ਸਪੋਰਟਸ ਕੋਡ ਦਾ ਖਰੜਾ ਤਿਆਰ ਕਰ ਲਿਆ ਗਿਆ ਹੈ। ਇਸ ਕੋਡ ਨੂੰ ਲਾਗੂ ਕਰਨ ਤੋਂ ਪਹਿਲਾਂ ਲੋਕਾਂ ਦੀ ਰਾਏ ਵੀ ਮੰਗੀ ਗਈ ਹੈ ਤਾਂ ਜੋ ਇਸ ਨੂੰ ਹੋਰ ਵੀ ਪ੍ਰਭਾਵਸ਼ਾਲੀ ਤਰੀਕੇ ਨਾਲ ਲਾਗੂ ਕੀਤਾ ਜਾ ਸਕੇ।

ਮੀਤ ਹੇਅਰ ਨੇ ਅੱਗੇ ਦੱਸਿਆ ਕਿ ਸਪੋਰਟਸ ਕੋਡ ਨੂੰ ਅਮਲੀ ਜਾਮਾ ਪਹਿਨਾਉਣ ਤੋਂ ਪਹਿਲਾਂ ਖੇਡਾਂ ਨਾਲ ਜੁੜੇ ਲੋਕਾਂ, ਐਸੋਸੀਏਸ਼ਨਾਂ ਅਤੇ ਆਮ ਲੋਕਾਂ ਤੋਂ ਸੁਝਾਅ ਲੈਣ ਲਈ ਇਸ ਕੋਡ ਦੇ ਖਰੜੇ ਦੀ ਕਾਪੀ ਵਿਭਾਗ ਦੀ ਵੈਬਸਾਈਟ www.pbsports.punjab.gov.in ਉਪਰ ਅਪਲੋਡ ਕੀਤੀ ਗਈ ਹੈ। ਕੋਈ ਵੀ ਚਾਹਵਾਨ ਵਿਅਕਤੀ 10 ਮਾਰਚ 2024 ਤੱਕ ਕੋਡ ਸਬੰਧੀ ਵਿਭਾਗ ਦੀ ਈਮੇਲ dir.sportspb@punjab.gov.in ਉਪਰ ਸੁਝਾਅ ਦੇ ਸਕਦਾ ਹੈ ਤਾਂ ਜੋ ਸਪੋਰਟਸ ਕੋਡ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਲੋਕ ਰਾਏ ਅਤੇ ਖੇਡਾਂ ਨਾਲ ਜੁੜੇ ਲੋਕਾਂ ਦੇ ਸੁਝਾਵਾਂ ਨੂੰ ਸ਼ਾਮਲ ਕੀਤਾ ਜਾ ਸਕੇ।

ਖੇਡ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਨਵੀਂ ਖੇਡ ਨੀਤੀ ਵੀ ਖੇਡ ਮਾਹਿਰਾਂ ਦੀ ਰਾਏ ਨਾਲ ਆਮ ਲੋਕਾਂ ਦੇ ਸੁਝਾਅ ਲੈਣ ਤੋਂ ਬਾਅਦ ਲਾਗੂ ਕੀਤੇ ਹੈ ਜਿਸ ਦੇ ਏਸ਼ਿਆਈ ਖੇਡਾਂ ਵਿੱਚ ਹੀ ਚੰਗੇ ਨਤੀਜੇ ਸਾਹਮਣੇ ਆਏ ਜਦੋਂ ਪੰਜਾਬ ਦੇ ਖਿਡਾਰੀਆਂ ਨੇ 72 ਸਾਲ ਦੇ ਰਿਕਾਰਡ ਤੋੜਦਿਆਂ ਪਹਿਲੀ ਵਾਰ 20 ਤਮਗ਼ੇ ਜਿੱਤੇ। ਹੁਣ ਖੇਡ ਵਿਭਾਗ ਵੱਲੋਂ ਸਪੋਰਟਸ ਕੋਡ ਲਾਗੂ ਕਰਨ ਲਈ ਵੀ ਤਿਆਰੀ ਕਰ ਦਿੱਤੀ ਗਈ ਹੈ ਜਿਸ ਦੇ ਲਾਗੂ ਹੋਣ ਨਾਲ ਸੂਬੇ ਵਿੱਚ ਖੇਡਾਂ ਦੇ ਪ੍ਰਬੰਧਨ ਵਿੱਚ ਵੱਡਾ ਸੁਧਾਰ ਹੋਵੇਗਾ।

Leave a Reply