ਚੰਡੀਗੜ੍ਹ : ਪੰਜਾਬ ਸਰਕਾਰ ਡੇਅਰੀ ਫਾਰਮਿੰਗ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਹੋਲਸਟੀਨ ਫ੍ਰੀਜ਼ੀਅਨ (ਐੱਚ.ਐੱਫ.) ਨਸਲ ਦੀਆਂ ਉੱਚ ਗੁਣਵੱਤਾ ਵਾਲੀਆਂ ਗਾਵਾਂ ਦੀ ਪਛਾਣ ਕਰਨ ਅਤੇ ਉਨ੍ਹਾਂ ਦੀ ਦੁੱਧ ਉਤਪਾਦਨ ਸਮਰੱਥਾ ਨੂੰ ਜਾਣਨ ਲਈ ਜਲਦ ਹੀ ਇੱਕ ਪ੍ਰੋਜੈਕਟ ਸ਼ੁਰੂ ਕਰਨ ਜਾ ਰਹੀ ਹੈ।
5.31 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਪ੍ਰਾਜੈਕਟ ਬਾਰੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਹ ਪ੍ਰਾਜੈਕਟ ਦਸੰਬਰ 2024 ਦੇ ਪਹਿਲੇ ਹਫ਼ਤੇ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤਹਿਤ ਪਸ਼ੂ ਪਾਲਣ ਵਿਭਾਗ ਦੇ ਪ੍ਰੋਜੈਕਟ ਸੁਪਰਵਾਈਜ਼ਰਾਂ ਅਤੇ ਸਟਾਫ਼ ਦੀ ਮਦਦ ਨਾਲ ਯੋਗ ਐਚ.ਐਫ. ਨਸਲ ਦੀਆਂ ਗਾਵਾਂ ਦੀ ਪਛਾਣ ਅਤੇ ਉਨ੍ਹਾਂ ਦੀ ਦੁੱਧ ਉਤਪਾਦਨ ਸਮਰੱਥਾ ਦਾ ਰਿਕਾਰਡ ਤਿਆਰ ਕੀਤਾ ਜਾਵੇਗਾ। ਵਿੱਤੀ ਸਾਲ 2024-25 ਅਤੇ 2025-26 ਦੌਰਾਨ ਲੁਧਿਆਣਾ, ਮੋਗਾ ਅਤੇ ਫਤਹਿਗੜ੍ਹ ਸਾਹਿਬ ਦੇ 90 ਪਿੰਡਾਂ ਵਿੱਚ ਲਗਭਗ 13,000 ਐਚ.ਐਫ. ਨਸਲ ਦੀਆਂ ਗਾਵਾਂ ਦੀ ਦੁੱਧ ਉਤਪਾਦਨ ਸਮਰੱਥਾ ਨੂੰ ਰਿਕਾਰਡ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨ ਇਨ੍ਹਾਂ ਚੋਣਵੀਆਂ ਗਾਵਾਂ ਤੋਂ ਆਮ ਤੌਰ ‘ਤੇ ਆਪਣੇ ਘਰਾਂ ਵਿੱਚ ਦੁੱਧ ਪੈਦਾ ਕਰਨਗੇ। ਇਸ ਦੌਰਾਨ ਇੱਕ ਦੁੱਧ ਦਾ ਰਿਕਾਰਡਰ ਮੌਜੂਦ ਹੋਵੇਗਾ, ਜੋ ਕਿ ਜੀ.ਪੀ.ਐਸ. ਸਮਰਥਿਤ ਸਮਾਰਟ ਵਜ਼ਨ ਫੋਰਕ ਦੀ ਮਦਦ ਨਾਲ ਦੁੱਧ ਉਤਪਾਦਨ ਦਾ ਡਾਟਾ ਇਕੱਠਾ ਕਰੇਗਾ। ਇਹ ਡੇਟਾ ਆਪਣੇ ਆਪ ਰਾਸ਼ਟਰੀ ਡੇਟਾਬੇਸ ਵਿੱਚ ਅਪਲੋਡ ਹੋ ਜਾਵੇਗਾ, ਜੋ ਕਿ ਦੇਸ਼ ਭਰ ਦੇ ਕਿਸਾਨਾਂ, ਸਰਕਾਰੀ ਏਜੰਸੀਆਂ ਅਤੇ ਹੋਰ ਹਿੱਸੇਦਾਰਾਂ ਲਈ ਉਪਲਬਧ ਹੋਵੇਗਾ। 10 ਮਹੀਨਿਆਂ ਤੱਕ ਕਿਸਾਨ ਦੀ ਸਹੂਲਤ ਅਨੁਸਾਰ ਦਿਨ ਵਿੱਚ 2-3 ਵਾਰ ਦੁੱਧ ਦੀ ਰਿਕਾਰਡਿੰਗ ਕੀਤੀ ਜਾਵੇਗੀ।