ਪੰਜਾਬ : ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ (Hoshiarpur) ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਊਨਾ ਰੋਡ ‘ਤੇ ਸਥਿਤ ਖੜਕਾਂ ਬੀ.ਐੱਸ.ਐੱਫ. ਕੈਂਪਸ ਵਿੱਚ ਬੀ.ਐਸ.ਐਫ ਇੰਸਪੈਕਟਰ ਤੇ 7 ਸਾਲਾ ਬੱਚੀ ਨਾਲ ਜਬਰ-ਜ਼ਨਾਹ ਅਤੇ ਛੇੜਛਾੜ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਐਸ.ਐਚ.ਓ. ਸਤਪਾਲ ਸਿੱਧੂ ਨੇ ਦੱਸਿਆ ਕਿ ਇੱਕ ਔਰਤ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਉਸਦੀ ਲੜਕੀ ਪਹਿਲੀ ਜਮਾਤ ਵਿੱਚ ਪੜ੍ਹਦੀ ਹੈ। ਕੁਝ ਦਿਨ ਪਹਿਲਾਂ ਵੀ ਰੋਜ਼ਾਨਾ ਦੀ ਤਰ੍ਹਾਂ ਬੱਚੀ ਰਾਤ 9 ਵਜੇ ਘਰੋਂ ਬੱਚਿਆਂ ਨਾਲ ਖੇਡਣ ਲਈ ਨਿਕਲੀ ਸੀ, ਪਰ ਵਾਪਸ ਨਹੀਂ ਆਈ। ਉਸ ਦੀ ਭਾਲ ਕਰਦੇ ਹੋਏ ਜਦੋਂ ਕਾਰ ਨੇੜੇ ਆਈ ਤਾਂ ਉਸ ਨੂੰ ਲੜਕੀ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਜਦੋਂ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਲੜਕੀ ਰੋ ਰਹੀ ਸੀ ਅਤੇ ਐਡਮਿਨ ਬਲਾਕ ‘ਚ ਕੰਮ ਕਰਦਾ ਇੰਸਪੈਕਟਰ ਗੁਲਾਮ ਮੁੰਤਜਾ ਲੜਕੀ ਨਾਲ ਦੁਰਵਿਵਹਾਰ ਕਰ ਰਿਹਾ ਸੀ, ਜਿਵੇਂ ਹੀ ਦੋਸ਼ੀ ਨੇ ਦੇਖਿਆ ਤਾਂ ਉਹ ਭੱਜ ਗਿਆ।

ਮਾਂ ਨੇ ਬੱਚੀ ਨੂੰ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਜਦੋਂ ਉਹ ਖੇਡ ਰਹੀ ਸੀ ਤਾਂ ਇਕ ਚਾਚਾ ਉਸ ਕੋਲ ਆਇਆ ਅਤੇ ਉਸ ਨੂੰ ਅੰਗੂਰ ਅਤੇ ਮਠਿਆਈ ਦੇਣ ਲਈ ਕਿਹਾ। ਜਦੋਂ ਉਸ ਨੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਉਸ ਨੂੰ ਜ਼ਬਰਦਸਤੀ ਗੱਡੀਆਂ ਦੇ ਪਿੱਛੇ ਲੈ ਗਿਆ ਅਤੇ ਕੁੱਟਮਾਰ ਕਰਨ ਲੱਗਾ। ਉਹ ਵਿਰੋਧ ਕਰ ਰਹੀ ਸੀ ਪਰ ਮੁਲਜ਼ਮਾਂ ਨੇ ਉਸ ਨੂੰ ਚੁੱਪ ਰਹਿਣ ਦੀ ਧਮਕੀ ਦਿੱਤੀ ਅਤੇ ਕੁੱਟਮਾਰ ਕੀਤੀ। ਐਸ.ਐਚ.ਓ ਸਤਪਾਲ ਸਿੱਧੂ ਨੇ ਦੱਸਿਆ ਕਿ ਪੀੜਤ ਲੜਕੀ ਦੀ ਮਾਂ ਦੇ ਬਿਆਨਾਂ ’ਤੇ ਪੁਲਿਸ ਨੇ ਮੁਲਜ਼ਮ ਇੰਸਪੈਕਟਰ ਗੁਲਾਮ ਮੁੰਤਜਾ ਖੜਕਾ ਕੈਂਪਸ (ਜਹਾਨਖੇਲਾਂ) ਹੁਸ਼ਿਆਰਪੁਰ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 376 ਅਤੇ 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Leave a Reply