ਫਗਵਾੜਾ : ਥਾਣਾ ਸਤਨਾਮਪੁਰਾ (Satnampura police station) ਫਗਵਾੜਾ ਦੀ ਪੁਲਿਸ ਨੇ ਵੀਜ਼ੇ ਦੀ ਮਿਆਦ ਖਤਮ ਦੇ ਬਾਵਜੂਦ ਫਗਵਾੜਾ (Phagwara) ਵਿੱਚ ਨਾਜਾਇਜ਼ ਤੌਰ ’ਤੇ ਰਹਿ ਰਹੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਸਤਨਾਮਪੁਰਾ ਵਿਖੇ ਕੇਸ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ ਪੁਲਿਸ ਨੇ ਪੁੱਛਣ ‘ਤੇ ਸਲਯੂ ਇਲਿਆਸੂ ਪੁੱਤਰ ਯੂਸਫ ਇਲਿਆਸੂ ਵਾਸੀ ਨਾਈਜੀਰੀਆ ਹਾਲ ਵਾਸੀ ਕਪੂਰ ਕੈਸਲ ਪੀ. ਜੀ. ਗ੍ਰੀਨ ਵੈਲੀ ਪਿੰਡ ਮਹੇਡ਼ੂ ਅਤੇ ਜੈਮੀ ਰਿਪੋਕੋ ਪੁੱਤਰ ਕਲਾਉਡੀਆ ਰਿਪੋਕੋ ਵਾਸੀ ਗੁਨੀਆ ਹਾਲ ਵਾਸੀ ਕਪੂਰ ਕੈਸਲ ਪੀ. ਜੀ. ਗ੍ਰੀਨ ਵੈਲੀ ਪਿੰਡ ਮਹੇਡ਼ੂ ਨੂੰ ਸ਼ੱਕ ਪੈਣ ’ਤੇ ਆਪਣਾ ਪਾਸਪੋਰਟ ਦਿਖਾਉਣ ਲਈ ਕਿਹਾ ਤਾਂ ਦੋਵਾਂ ਮੁਲਜ਼ਮਾਂ ਦਾ ਭਾਰਤ ਦਾ ਵੀਜ਼ਾ ਬੀਤੇ ਲੰਬੇ ਸਮੇਂ ਤੋਂ ਖਤਮ ਹੋ ਚੁੱਕਾ ਸੀ। ਹੈਰਾਨੀ ਵਾਲੀ ਗੱਲ ਇਹ ਹੈ ਕਿਇਸ ਦੇ ਬਾਵਜੂਦ ਦੋਵੇਂ ਵਿਦੇਸ਼ੀ ਨਾਗਰਿਕ ਗੈਰ-ਕਾਨੂੰਨੀ ਤਰੀਕੇ ਨਾਲ ਫਗਵਾੜਾ ’ਚ ਰਹਿ ਰਹੇ ਸਨ। ਪੁਲਿਸ ਨੇ ਇੰਨ੍ਹਾਂ ਨੂੰ ਗ੍ਰਿਫਤਾਰ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਉਕਤ ਮਾਮਲਾ ਸਾਹਮਣੇ ਆਉਣ ਨਾਲ ਇਹ ਗੱਲ ਸਾਹਮਣੇ ਆਈ ਹੈ ਕਿ ਫਗਵਾੜਾ ’ਚ ਵਿਦੇਸ਼ਾਂ ਤੋਂ ਆਏ ਕੁਝ ਲੋਕ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵੀ ਇੱਥੇ ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ ਹਨ। ਇਹ ਕਿੰਨੇ ਹਨ ਅਤੇ ਉਹ ਕਿਹੜੇ ਦੇਸ਼ਾਂ ਤੋਂ ਆਏ ਹਨ, ਇਹ ਆਪਣੇ ਆਪ ਵਿਚ ਇਕ ਵੱਡਾ ਸਵਾਲ ਹੈ। ਵੱਡਾ ਸਵਾਲ ਤਾਂ ਇਹ ਵੀ ਹੈ ਕਿ ਉਕਤ ਲੋਕਾਂ ਨੂੰ ਕੁਝ ਸ਼ਾਤਰ ਸਥਾਨਕ ਲੋਕਾਂ ਵੱਲੋਂ ਹੀ ਗੈਰ-ਕਾਨੂੰਨੀ ਤਰੀਕੇ ਨਾਲ ਪਨਾਹ ਦਿੱਤੀ ਜਾ ਰਹੀ ਹੈ, ਜੋ ਦੇਸ਼ ਖਾਸਕਰ ਪੰਜਾਬ ਦੇ ਸਰਹੱਦੀ ਸੂਬਾ ਹੋਣ ਲਈ ਬਹੁਤ ਵੱਡੀ ਖਤਰੇ ਦੀ ਘੰਟੀ ਹੈ। ਸਵਾਲ ਇਹ ਵੀ ਹੈ ਕਿ ਫਗਵਾੜਾ ਦੇ ਉਪਰੋਕਤ ਦੋ ਵਿਦੇਸ਼ੀਆਂ ਵਾਂਗ ਪਿੰਡ ਮਹੇਡ਼ੂ ਸਮੇਤ ਆਸ ਪਾਸ ਦੇ ਪਿੰਡਾਂ ਅਤੇ ਸ਼ਹਿਰੀ ਇਲਾਕੇ ਵਿੱਚ ਕਿੰਨੇ ਵਿਦੇਸ਼ੀ ਨਾਗਰਿਕ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ?

ਜ਼ਿਕਰਯੋਗ ਹੈ ਕਿ ਜਲੰਧਰ ਕੈਂਟ ਦਾ ਇਲਾਕਾ ਭਾਰਤੀ ਫੌਜ ਦਾ ਇਲਾਕਾ ਹੈ। ਅਜਿਹੇ ’ਚ ਇਸ ਖੇਤਰ ਦੇ ਨੇੜੇ ਵੀਜ਼ਾ ਮਿਆਦ ਖਤਮ ਹੋਣ ਤੋਂ ਬਾਅਦ ਵਿਦੇਸ਼ੀਆਂ ਦਾ ਗੈਰ-ਕਾਨੂੰਨੀ ਢੰਗ ਨਾਲ ਠਹਿਰਨਾ ਨਾ ਸਿਰਫ ਖਤਰੇ ਦੀ ਬਹੁਤ ਵੱਡੀ ਘੰਟੀ ਹੈ, ਬਲਕਿ ਇਹ ਮਾਮਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਣਾਲੀ ਦੀ ਕਾਰਜਪ੍ਰਣਾਲੀ ’ਤੇ ਵੀ ਵੱਡਾ ਸਵਾਲੀਆ ਨਿਸ਼ਾਨ ਲਗਾ ਰਿਹਾ ਹੈ। ਇਸ ਤੋਂ ਵੀ ਵੱਧ ਹੈਰਾਨੀ ਵਾਲੀ ਗੱਲ ਇਹ ਹੈ ਕਿ ਦੇਸ਼ ਦੀਆਂ ਖੁਫੀਆ ਏਜੰਸੀਆਂ ਵੀ ਇਸ ਮਾਮਲੇ ਨੂੰ ਲੈ ਕੇ ਚੁੱਪ ਹਨ। ਇਸ ਕਰਕੇ ਇਹ ਸਮੇਂ ਦੀ ਮੰਗ ਹੈ ਕਿ ਅਜਿਹੇ ਸਾਰੇ ਵਿਦੇਸ਼ੀਆਂ ਦੀ ਪਛਾਣ ਕੀਤੀ ਜਾਵੇ ਜੋ ਇੱਥੇ ਗੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਹਨ।

Leave a Reply