ਚੰਡੀਗੜ੍ਹ, 12 ਫ਼ਰਵਰੀ: ਪੰਜਾਬ ਸਰਕਾਰ ਵੱਲੋਂ ਐਨ.ਆਰ.ਆਈ. ਪੰਜਾਬੀਆਂ ਦੇ ਵਿਭਿੰਨ ਮਸਲਿਆਂ ਨੂੰ ਹੱਲ ਕਰਨ ਦੇ ਮਕਸਦ ਨਾਲ ਆਯੋਜਿਤ ਕੀਤੀਆਂ ਜਾ ਰਹੀਆਂ ਐਨ.ਆਰ.ਆਈ. ਮਿਲਣੀਆਂ (NRI Milni Programs) ਦੀਆਂ ਤਾਰੀਖਾਂ ‘ਚ ਕੁੱਝ ਪ੍ਰਬੰਧਕੀ ਕਾਰਨਾਂ ਕਰਕੇ ਬਦਲਾਅ ਕੀਤਾ ਗਿਆ ਹੈ।
ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਐਨ.ਆਰ.ਆਈ. ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਪੰਜਾਬ ਦੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਨੇ ਦੱਸਿਆ ਕਿ ਨਵੇਂ ਪ੍ਰੋਗਰਾਮ ਤਹਿਤ ਸੰਗਰੂਰ ਵਿਖੇ 16 ਫ਼ਰਵਰੀ ਦੀ ਥਾਂ 29 ਫ਼ਰਵਰੀ ਨੂੰ ਅਤੇ ਫਿਰੋਜ਼ਪੁਰ ਵਿਖੇ 22 ਫ਼ਰਵਰੀ ਦੀ ਥਾਂ 27 ਫ਼ਰਵਰੀ ਨੂੰ ਐਨ.ਆਰ.ਆਈ. ਮਿਲਣੀ ਆਯੋਜਿਤ ਕੀਤੀ ਜਾਵੇਗੀ।
ਸ. ਧਾਲੀਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ 3 ਫ਼ਰਵਰੀ ਅਤੇ 9 ਫ਼ਰਵਰੀ ਨੂੰ ਪਠਾਨਕੋਟ ਅਤੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਐਨ.ਆਰ.ਆਈ ਮਿਲਣੀਆਂ ਕਰਵਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਮਿਲਣੀ ਪ੍ਰੋਗਰਾਮ ਮੌਕੇ ਪ੍ਰਾਪਤ ਸ਼ਿਕਾਇਤਾਂ ਨੂੰ ਛੇਤੀ ਹੱਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਤਾਂ ਜੋ ਇਨ੍ਹਾਂ ਸ਼ਿਕਾਇਤਾਂ ਦਾ ਨਿਪਟਾਰਾ ਸਮਾਂਬੱਧ ਢੱਗ ਨਾਲ ਕੀਤਾ ਜਾ ਸਕੇ।
ਇਸ ਮੌਕੇ ਪ੍ਰਮੁੱਖ ਸਕੱਤਰ ਐਨ.ਆਰ.ਆਈ ਮਾਮਲੇ ਵਿਭਾਗ ਸ੍ਰੀ ਦਿਲੀਪ ਕੁਮਾਰ, ਸਕੱਤਰ ਸ੍ਰੀਮਤੀ ਕੰਵਲਪ੍ਰੀਤ ਬਰਾੜ ਅਤੇ ਏ.ਡੀ.ਜੀ.ਪੀ. ਐਨ.ਆਰ.ਆਈ. ਸ੍ਰੀ ਪ੍ਰਵੀਨ ਕੁਮਾਰ ਸਿਨਹਾ ਆਦਿ ਹਾਜ਼ਰ ਸਨ।