ਲੁਧਿਆਣਾ : ਸੋਸ਼ਲ ਮੀਡੀਆ ‘ਤੇ ਅਕਸਰ ਦੇਖਿਆ ਜਾਂਦਾ ਹੈ ਕਿ ਕੁਝ ਲੋਕ ਮਸ਼ਹੂਰ ਹੋਣ ਲਈ ਭੜਕਾਊ ਭਾਸ਼ਣ ਦਿੰਦੇ ਹਨ। ਇੰਨਾ ਹੀ ਨਹੀਂ, ਉਹ ਕਿਸੇ ਵੀ ਧਰਮ ਦੇ ਖ਼ਿਲਾਫ਼ ਬੋਲਣ ਤੋਂ ਪਿੱਛੇ ਨਹੀਂ ਹਟਦੇ, ਜਿਸ ਕਾਰਨ ਦੋ ਧਰਮਾਂ ਦੇ ਲੋਕ ਇਕ-ਦੂਜੇ ਨੂੰ ਨਿਸ਼ਾਨਾ ਬਣਾਉਂਦੇ ਹਨ। ਹਾਲ ਹੀ ਵਿੱਚ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਸ਼ਿਵ ਸੈਨਾ ਆਗੂ ਸੰਦੀਪ ਉਰਫ਼ ਗੋਰਾ ਥਾਪਰ ਉੱਤੇ 2 ਨਿਹੰਗ ਸਿੰਘਾਂ ਨੇ ਸਰੇਬਜ਼ਾਰ ਤਲਵਾਰਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ ਸੀ।

ਹਾਲਾਂਕਿ ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸੰਦੀਪ ਗੋਰਾ ਥਾਪਰ ਅਕਸਰ ਸੋਸ਼ਲ ਮੀਡੀਆ ‘ਤੇ ਕੱਟੜਪੰਥੀਆਂ ਖ਼ਿਲਾਫ਼ ਬੋਲਦਾ ਸੀ ਅਤੇ ਭੜਕਾਊ ਭਾਸ਼ਣ ਦਿੰਦਾ ਸੀ, ਜਿਸ ਕਾਰਨ ਉਸ ‘ਤੇ ਹਮਲਾ ਕੀਤਾ ਗਿਆ ਸੀ ਪਰ ਹੁਣ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਸਖ਼ਤ ਫ਼ੈਸਲਾ ਲਿਆ ਹੈ। ਉਨ੍ਹਾਂ ਅੱਜ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਸਾਰਿਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਸੋਸ਼ਲ ਮੀਡੀਆ ‘ਤੇ ਭੜਕਾਊ ਭਾਸ਼ਣ ਜਾਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਭਾਸ਼ਣ ਦਿੰਦਾ ਦੇਖਿਆ ਗਿਆ ਤਾਂ ਉਸ ਖ਼ਿਲਾਫ਼ ਐਫ.ਆਈ.ਆਰ ਦਰਜ ਕਰਵਾਈ ਜਾਵੇਗੀ।

ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਨੇ ਕਿਹਾ ਹੈ ਕਿ ਅਜਿਹੇ ਭੜਕਾਊ ਭਾਸ਼ਣ ਸ਼ਹਿਰ ਦਾ ਮਾਹੌਲ ਖ਼ਰਾਬ ਕਰਦੇ ਹਨ ਜਦਕਿ ਪੁਲਿਸ ਦਾ ਕੰਮ ਸ਼ਹਿਰ ‘ਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਹੈ। ਗੁੰਡਾਗਰਦੀ ਕਰਨ ਵਾਲੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

Leave a Reply