ਚੰਡੀਗੜ੍ਹ : ਪੰਜਾਬ ‘ਚ ਮੌਸਮ ਨੂੰ ਲੈ ਕੇ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ। ਦਰਅਸਲ ਮੌਸਮ ਵਿਭਾਗ (Department of Meteorology) ਵਲੋਂ ਆਉਣ ਵਾਲੇ ਦਿਨਾਂ ਲਈ ਭਾਰੀ ਮੀਂਹ (heavy rain) ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦੇ ਮੁਤਾਬਕ 17 ਫਰਵਰੀ ਨੂੰ ਵੈਸਟਰਨ ਡਿਸਟਰਬੈਂਸ ਸਰਗਰਮ ਹੋ ਰਿਹਾ ਹੈ। ਇਸ ਦੇ ਮੱਦੇਨਜ਼ਰ ਬਸੰਤ ਰੁੱਤ ਦਾ ਪਹਿਲਾ ਭਾਰੀ ਮੀਂਹ 18 ਅਤੇ 19 ਫਰਵਰੀ ਨੂੰ ਪੈਣ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ।
ਇਸ ਕਾਰਨ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ‘ਚ ਬੱਦਲ ਛਾਏ ਰਹਿ ਸਕਦੇ ਹਨ ਅਤੇ ਫਿਰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ 14 ਫਰਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ‘ਚ ਮੌਸਮ ਸਾਫ਼ ਰਹੇਗਾ ਅਤੇ 15 ਫਰਵਰੀ ਨੂੰ ਕਈ ਜ਼ਿਲ੍ਹਿਆਂ ‘ਚ ਹਲਕਾ ਮੀਂਹ ਪੈ ਸਕਦਾ ਹੈ, ਜਿਸ ਤੋਂ ਬਾਅਦ 18 ਅਤੇ 19 ਤਾਰੀਖ਼ ਨੂੰ ਭਾਰੀ ਮੀਂਹ ਪਵੇਗਾ। ਮੌਸਮ ਵਿਭਾਗ ਦੇ ਮੁਤਾਬਕ ਠੰਡ ਦਾ ਮੌਸਮ ਅਜੇ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਇਆ ਹੈ।
ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਗਿਰਾਵਟ ਆ ਸਕਦੀ ਹੈ ਕਿਉਂਕਿ ਮੈਦਾਨੀ ਇਲਾਕਿਆਂ ‘ਚ ਮੀਂਹ ਤੋਂ ਪਹਿਲਾਂ ਪਹਾੜੀ ਇਲਾਕਿਆਂ ‘ਚ ਬਰਫ਼ਬਾਰੀ ਹੋਵੇਗੀ, ਜਿਸ ਕਾਰਨ ਠੰਡ ਹੋਰ ਵੀ ਜ਼ਿਆਦਾ ਵਧੇਗੀ।