ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਕੀਤਾ ਦਰਜ
By admin / April 16, 2024 / No Comments / Punjabi News
ਭਵਾਨੀਗੜ੍ਹ: ਭਵਾਨੀਗੜ੍ਹ ਦੇ ਨੇੜਲੇ ਪਿੰਡ ਕਾਕੜਾ ‘ਚ ਇਕ ਵਿਅਕਤੀ ਦੇ ਬੈਂਕ ਖਾਤੇ ‘ਚੋਂ ਕ੍ਰੈਡਿਟ ਕਾਰਡ ਦੀ ਵਰਤੋਂ ਕਰਕੇ ਲੱਖਾਂ ਰੁਪਏ ਕਢਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਵਿਅਕਤੀ ਦੇ ਖਾਤੇ ‘ਚੋਂ 2 ਲੱਖ 92 ਹਜ਼ਾਰ ਰੁਪਏ ਕਢਵਾਏ ਗਏ ਹਨ। ਸਥਾਨਕ ਪੁਲਿਸ ਨੇ ਇਸ ਸਬੰਧ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਾਕੜਾ ਦੇ ਵਸਨੀਕ ਮਾਲਵਿੰਦਰ ਸਿੰਘ ਪੁੱਤਰ ਭਜਨ ਸਿੰਘ ਨੇ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੂੰ ਦੱਸਿਆ ਕਿ ਉਸ ਦਾ ਖੇਤੀ ਦੇ ਨਾਲ-ਨਾਲ ਪੈਟਰੋਲ ਪੰਪ ਦਾ ਕਾਰੋਬਾਰ ਵੀ ਹੈ ਅਤੇ ਉਸ ਦਾ ਨਿੱਜੀ ਬੈਂਕ ਵਿੱਚ ਖਾਤਾ ਹੈ।
ਮਾਲਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਬੈਂਕ ਖਾਤੇ ਦੇ ਸਬੰਧ ਵਿਚ ਉਸ ਕੋਲ ਏਟੀਐਮ ਕਾਰਡ ਅਤੇ ਕ੍ਰੈਡਿਟ ਕਾਰਡ ਹੈ ਅਤੇ ਬੈਂਕ ਵੱਲੋਂ ਉਨ੍ਹਾਂ ਦੇ ਕ੍ਰੈਡਿਟ ਕਾਰਡ ਦੀ ਲਿਮਟ 50,000 ਰੁਪਏ ਦੱਸੀ ਗਈ ਸੀ ਪਰ ਉਨ੍ਹਾਂ ਨੇ ਕਦੇ ਵੀ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਨਹੀਂ ਕੀਤੀ। 23 ਅਪ੍ਰੈਲ 2023 ਨੂੰ ਜਦੋਂ ਕੰਪਨੀ ਨੇ ਉਨ੍ਹਾਂ ਨੂੰ ਫੋਨ ਕੀਤਾ ਤਾਂ ਉਨ੍ਹਾਂ ਨੂੰ ਕਾਰਡ ਦੀ ਲਿਮਟ ਵਧਾ ਕੇ 5 ਲੱਖ ਰੁਪਏ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ 23, 24 ਅਗਸਤ 2023 ਨੂੰ ਉਨ੍ਹਾਂ ਦੇ ਖਾਤੇ ‘ਚੋਂ ਕਿਸੇ ਅਣਪਛਾਤੇ ਵਿਅਕਤੀ ਨੇ 2 ਲੱਖ ਰੁਪਏ ਦੀ ਰਕਮ ਕਢਵਾ ਲਈ, ਜਿਸ ਦਾ ਪਤਾ ਉਨ੍ਹਾਂ ਨੂੰ 19 ਅਕਤੂਬਰ 2023 ਨੂੰ ਲੱਗਾ ਜਦੋਂ ਉਹ ਪੈਸੇ ਜਮ੍ਹਾ ਕਰਵਾਉਣ ‘ਤੇ ਆਪਣੇ ਕ੍ਰੈਡਿਟ ਕਾਰਡ ਦਾ ਪਿਨ ਕੋਡ ਲੈਣ ਲਈ ਬੈਂਕ ਬ੍ਰਾਂਚ ਗਿਆ ਤਾਂ ਬੈਂਕ ਵਾਲਿਆਂ ਨੇ ਉਸ ਨੂੰ ਦੱਸਿਆ ਕਿ ਉਸ ਦਾ ਕ੍ਰੈਡਿਟ ਕਾਰਡ ਪਹਿਲਾਂ ਹੀ ਐਕਟਿਵ ਹੈ। ਜਦੋਂ ਉਸ ਨੇ ਇਸ ਦੀ ਜਾਂਚ ਕੀਤੀ ਤਾਂ ਉਸ ਨੂੰ ਪਤਾ ਲੱਗਾ ਕਿ ਕਿਸੇ ਸੰਸਥਾ ਨੇ ਖਾਤੇ ਵਿਚੋਂ ਕਥਿਤ ਤੌਰ ‘ਤੇ 2 ਲੱਖ ਰੁਪਏ ਕਢਵਾ ਲਏ ਹਨ।
ਮਾਲਵਿੰਦਰ ਸਿੰਘ ਨੇ ਦੱਸਿਆ ਕਿ 19 ਅਕਤੂਬਰ 2023 ਨੂੰ ਇਕ ਵਾਰ ਫਿਰ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦੇ ਖਾਤੇ ‘ਚੋਂ 92,000 ਰੁਪਏ ਦੀ ਰਕਮ ਕਢਵਾ ਲਈ, ਜਿਸ ਬਾਰੇ ਉਸ ਨੂੰ ਨਾ ਤਾਂ ਕੋਈ ਮੈਸੇਜ ਮਿਿਲਆ ਅਤੇ ਨਾ ਹੀ ਕੋਈ ਓਟੀਪੀ। ਬੈਂਕ ਨੇ ਕਥਿਤ ਤੌਰ ‘ਤੇ ਉਸ ਨੂੰ ਕੋਈ ਸੰਤੁਸ਼ਟੀਜਨਕ ਜਵਾਬ ਨਹੀਂ ਦਿੱਤਾ। ਮਾਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।