November 5, 2024

ਪੁਲਿਸ ਨਾਕਾਬੰਦੀ ਦੌਰਾਨ ਪਤਨੀ ਨੂੰ ਛੱਡ ਕੇ ਪਤੀ ਟਰੱਕ ਡਰਾਇਵਰ ਨਾਲ ਮੌਕੇ ਤੋਂ ਹੋਇਆ ਫਰਾਰ

ਖਰੜ : ਸੰਨੀ ਐਨਕਲੇਵ ਪੁਲਿਸ (Sunny Enclave police) ਨੇ ਨਾਕਾਬੰਦੀ ਦੌਰਾਨ ਇੱਕ ਟਰੱਕ ਵਿੱਚ ਜਾ ਰਹੀ ਇੱਕ ਔਰਤ ਨੂੰ 15 ਕਿਲੋ ਭੁੱਕੀ ਸਮੇਤ ਕਾਬੂ ਕਰ ਲਿਆ, ਜਦਕਿ ਟਰੱਕ ਚਾਲਕ ਅਤੇ ਉਸ ਦਾ ਪਤੀ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਔਰਤ ਨੂੰ ਉਸ ਦੇ ਭਗੌੜੇ ਪਤੀ ਸਮੇਤ ਗ੍ਰਿਫ਼ਤਾਰ ਕਰਕੇ ਐਨ.ਡੀ.ਪੀ.ਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਚੌਕੀ ਇੰਚਾਰਜ ਐੱਸ.ਆਈ. ਚਰਨ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਖਰੜ-ਚੰਡੀਗੜ੍ਹ ਮੁੱਖ ਮਾਰਗ ‘ਤੇ ਮੁੰਡੀ ਖਰੜ ਗਊਸ਼ਾਲਾ ਨੇੜੇ ਨਾਕਾਬੰਦੀ ਕਰਕੇ ਲੰਘ ਰਹੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਤਾਂ ਇਸ ਦੌਰਾਨ ਟਰੱਕ ਨੰਬਰ ਪੀ.ਬੀ. 11 CY 1389 ਆਉਂਦਾ ਦਿਖਾਈ ਦਿੱਤਾ। ਜਦੋਂ ਪੁਲਿਸ ਨੇ ਟਰੱਕ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਟਰੱਕ ਚਾਲਕ ਨੇ ਕੁਝ ਦੂਰੀ ’ਤੇ ਰੁਕ ਕੇ ਟਰੱਕ ਨੂੰ ਮੋੜਨ ਦੀ ਕੋਸ਼ਿਸ਼ ਕੀਤੀ। ਜਦੋਂ ਪੁਲਿਸ ਪਾਰਟੀ ਨੇ ਉਸ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਟਰੱਕ ਚਾਲਕ ਟਰਾਲੇ ਤੋਂ ਹੇਠਾਂ ਉਤਰ ਗਿਆ ਅਤੇ ਟਰੈਫਿਕ ਦਾ ਫਾਇਦਾ ਉਠਾਉਂਦੇ ਹੋਏ ਹਾਈਵੇਅ ਤੋਂ ਫਰਾਰ ਹੋ ਗਿਆ।

ਜਦੋਂ ਪੁਲਿਸ ਨੇ ਟਰੱਕ ਦੇ ਨੇੜੇ ਪਹੁੰਚ ਕੇ ਜਾਂਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੰਡਕਟਰ ਸਾਈਡ ‘ਤੇ ਬੈਠੀ ਇਕ ਔਰਤ ਨੇ ਵੀ ਹੇਠਾਂ ਉਤਰ ਕੇ ਖਿਸਕਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਦੋਂ ਉਸ ਦੀ ਪਛਾਣ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣਾ ਨਾਂ ਅਮਨਦੀਪ ਕੌਰ ਅਤੇ ਆਪਣੇ ਪਤੀ ਟਰੱਕ ਡਰਾਈਵਰ ਦਾ ਨਾਂ ਗੁਰਪ੍ਰੀਤ ਸਿੰਘ ਦੱਸਿਆ। ਟਰੱਕ ਦੀ ਤਲਾਸ਼ੀ ਲੈਣ ‘ਤੇ ਡਰਾਈਵਰ ਦੀ ਸੀਟ ਹੇਠਾਂ ਲੁਕੋ ਕੇ ਰੱਖੀ ਗਈ 15 ਕਿਲੋ ਭੁੱਕੀ ਬਰਾਮਦ ਹੋਈ। ਪੁਲਿਸ ਨੇ ਉਕਤ ਔਰਤ ਸਮੇਤ ਉਸ ਦੇ ਫਰਾਰ ਪਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

By admin

Related Post

Leave a Reply