ਪਟਿਆਲਾ ਜੇਲ੍ਹ ਤੋਂ ਬਾਹਰ ਆਏ ਬਲਵੰਤ ਸਿੰਘ ਰਾਜੋਆਣਾ , 3 ਘੰਟੇ ਦੀ ਮਿਲੀ ਪੈਰੋਲ
By admin / November 19, 2024 / No Comments / Punjabi News
ਪਟਿਆਲਾ: ਬਲਵੰਤ ਸਿੰਘ ਰਾਜੋਆਣਾ (Balwant Singh Rajoana) ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ (The Punjab and Haryana High Court) ਵੱਲੋਂ ਪੈਰੋਲ ਦਿੱਤੀ ਗਈ ਹੈ। ਅਦਾਲਤ ਵੱਲੋਂ ਰਾਜੋਆਣਾ ਨੂੰ ਸਿਰਫ 3 ਘੰਟੇ ਲਈ ਪੈਰੋਲ ਦਿੱਤੀ ਗਈ ਹੈ। ਇਸ ਦੌਰਾਨ ਉਹ ਆਪਣੇ ਭਰਾ ਕੁਲਵੰਤ ਸਿੰਘ ਦੇ ਭੋਗ ਵਿਚ ਸ਼ਾਮਲ ਹੋਣਗੇ। ਬਲਵੰਤ ਸਿੰਘ ਰਾਜੋਆਣਾ ਨੂੰ ਸਖ਼ਤ ਸੁਰੱਖਿਆ ਹੇਠ ਪਟਿਆਲਾ ਤੋਂ ਲੁਧਿਆਣਾ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਜਾਰੀ ਹੁਕਮਾਂ ਤਹਿਤ ਰਾਜੋਆਣਾ ਨੂੰ ਆਪਣੇ ਭਰਾ ਕੁਲਵੰਤ ਸਿੰਘ ਦੇ ਭੋਗ ਵਿਚ ਸ਼ਾਮਲ ਹੋਣ ਲਈ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤਕ ਪੈਰੋਲ ਦਿੱਤੀ ਗਈ ਹੈ। ਉਨ੍ਹਾਂ ਨੂੰ ਆਪਣੇ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਹੋਣ ਵਾਲੇ ਭੋਗ ਤੇ ਅੰਤਿਮ ਅਰਦਾਸ ਸਮਾਗਮ ਲਈ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਪੂਰੀ ਪੁਲਿਸ ਹਿਰਾਸਤ ਵਿਚ ਹੋਣ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਗਈ ਹੈ।
ਦੱਸ ਦੇਈਏ ਕਿ ਰਾਜੋਆਣਾ ਦੇ ਵੱਡੇ ਭਰਾ ਕੁਲਵੰਤ ਸਿੰਘ ਦਾ ਬੀਤੇ ਦਿਨੀਂ ਕੈਨੇਡਾ ਵਿਚ ਦੇਹਾਂਤ ਹੋ ਗਿਆ ਸੀ। ਕੁਲਵੰਤ ਸਿੰਘ ਆਪਣੇ ਪੁੱਤਰ ਨੂੰ ਮਿਲਣ ਲਈ ਕੈਨੇਡਾ ਦੇ ਵਿੰਨੀਪੈੱਗ ਗਏ ਸਨ, ਬੀਤੀ 4 ਨਵੰਬਰ ਨੂੰ ਉਥੇ ਉਨ੍ਹਾਂ ਨੂੰ ਆਪਣੇ ਘਰ ਵਿਚ ਹੀ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ । ਪਿਛਲੇ ਲਗਭਗ ਤੀਹ ਸਾਲਾਂ ਤੋਂ ਜੇਲ੍ਹ ਵਿਚ ਕੈਦ ਬਲਵੰਤ ਸਿੰਘ ਰਾਜੋਆਣਾ ਦੇ ਪਰਿਵਾਰ ਦੇ ਸਾਰੇ ਜੀਅ ਇਕ-ਇਕ ਕਰਕੇ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਏ ਹਨ। ਰਾਜੋਆਣਾ ਦੇ ਪਰਿਵਾਰ ਵਿਚ ਇਸ ਵੇਲੇ ਸਿਰਫ਼ ਉਨ੍ਹਾਂ ਦੇ ਦੋ ਭਤੀਜੇ ( ਵੱਡੇ ਭਰਾ ਕੁਲਵੰਤ ਸਿੰਘ ਦੇ ਬੇਟੇ) ਰਵਨੀਤ ਸਿੰਘ ਅਤੇ ਅਮਨਪ੍ਰੀਤ ਸਿੰਘ ਹੀ ਹਨ।