ਜੀਂਦ : ਏਡੀਜੇ ਡਾਕਟਰ ਚੰਦਰਹਾਸ (ADJ Dr. Chandrahas) ਦੀ ਅਦਾਲਤ ਨੇ ਨਾਬਾਲਗ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਦੇ ਦੋਸ਼ੀ ਵਿਅਕਤੀ ਨੂੰ ਵੀਹ ਸਾਲ ਦੀ ਕੈਦ ਅਤੇ ਵੀਹ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ ਦੋਸ਼ੀ ਨੂੰ ਦੋ ਸਾਲ ਦੀ ਵਾਧੂ ਕੈਦ ਕੱਟਣੀ ਪਵੇਗੀ।

2 ਸਤੰਬਰ 2022 ਨੂੰ ਥਾਣਾ ਸਿਟੀ ਨਰਵਾਣਾ ਇਲਾਕੇ ਦੇ ਇਕ ਵਿਅਕਤੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਸੀ ਕਿ 24 ਅਗਸਤ ਨੂੰ ਉਹ ਆਪਣੀ ਪਤਨੀ ਨਾਲ ਦਵਾਈ ਲੈਣ ਗਿਆ ਸੀ। ਸ਼ਾਮ ਨੂੰ ਜਦੋਂ ਉਹ ਘਰ ਪਰਤਿਆ ਤਾਂ ਉਸ ਦੀ 16 ਸਾਲਾ ਧੀ ਘਰੋਂ ਲਾਪਤਾ ਪਾਈ ਗਈ। ਵਿਅਕਤੀ ਨੇ ਦੋਸ਼ ਲਾਇਆ ਸੀ ਕਿ ਪਿੰਡ ਸਿਵਾਨੀ, ਭਿਵਾਨੀ ਦੇ ਵਾਸੀ ਮੋਹਿਤ ਉਰਫ਼ ਰਮਤਾ ਨੇ ਉਸ ਦੀ ਲੜਕੀ ਨੂੰ ਅਗਵਾ ਕਰ ਲਿਆ ਹੈ। ਸਿਟੀ ਥਾਣਾ ਨਰਵਾਣਾ ਨੇ ਮੋਹਿਤ ਉਰਫ ਰਮਤਾ ਖ਼ਿਲਾਫ਼ ਅਗਵਾ ਦਾ ਮਾਮਲਾ ਦਰਜ ਕੀਤਾ ਸੀ।

ਬਾਅਦ ‘ਚ ਪੁਲਿਸ ਨੇ ਲੜਕੀ ਨੂੰ ਬਰਾਮਦ ਕਰ ਲਿਆ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਮੋਹਿਤ ਦੇ ਖ਼ਿਲਾਫ਼ ਅਗਵਾ ਅਤੇ ਜਿਨਸੀ ਸ਼ੋਸ਼ਣ ਸਮੇਤ ਕਈ ਧਾਰਾਵਾਂ ਜੋੜੀਆਂ ਸਨ। ਉਦੋਂ ਤੋਂ ਇਹ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਸੀ। ਸ਼ਨੀਵਾਰ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਡਾ: ਚੰਦਰਹਾਸ ਦੀ ਅਦਾਲਤ ਨੇ ਮੋਹਿਤ ਉਰਫ਼ ਰਮਤਾ ਨੂੰ ਵੀਹ ਸਾਲ ਦੀ ਕੈਦ ਅਤੇ ਵੀਹ ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ।

Leave a Reply