ਅੰਬਾਲਾ : ਕਿਸਾਨ ਅੰਦੋਲਨ ਨਾਲ ਜੁੜੇ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ (Navdeep Jalbeda) ਨੂੰ ਅੱਜ ਸਖਤ ਸੁਰੱਖਿਆ ਵਿਚਾਲੇ ਅੰਬਾਲਾ ਦੀ ਅਦਾਲਤ ‘ਚ ਪੇਸ਼ ਕੀਤਾ ਗਿਆ। ਇਸ ਦੌਰਾਨ ਅਦਾਲਤ ਨੇ ਨਵਦੀਪ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ। ਨਵਦੀਪ ਦੇ ਵਕੀਲ ਨੇ ਨਵਦੀਪ ਨੂੰ ਗੈਰ-ਕਾਨੂੰਨੀ ਹਿਰਾਸਤ ‘ਚ ਰੱਖਣ ਦਾ ਦੋਸ਼ ਲਗਾਇਆ ਹੈ।
ਕਿਸਾਨ ਅੰਦੋਲਨ ਨਾਲ ਜੁੜੇ ਵਾਟਰ ਕੈਨਨ ਬੁਆਏ ਨਵਦੀਪ ਜਲਬੇੜਾ ਦਾ ਅੱਜ ਇਕ ਦਿਨਾ ਪੁਲਿਸ ਰਿਮਾਂਡਖਤਮ ਹੋ ਗਿਆ। ਜਿਸ ਤੋਂ ਬਾਅਦ ਪੁਲਿਸ ਨੇ ਨਵਦੀਪ ਨੂੰ ਸਖ਼ਤ ਸੁਰੱਖਿਆ ਵਿਚਕਾਰ ਅੰਬਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ। ਨਵਦੀਪ ਨੂੰ ਅੰਬਾਲਾ ਕੋਰਟ ‘ਚ ਪੇਸ਼ ਕਰਨ ਤੋਂ ਪਹਿਲਾਂ ਅੰਬਾਲਾ ਸ਼ਹਿਰ ਦੇ ਸਿਵਲ ਹਸਪਤਾਲ ‘ਚ ਉਸ ਦਾ ਮੈਡੀਕਲ ਕਰਵਾਇਆ ਗਿਆ।
ਅੰਬਾਲਾ ਅਦਾਲਤ ਵਿੱਚ ਨਵਦੀਪ ਨੂੰ ਕਰੀਬ ਡੇਢ ਘੰਟਾ ਦੇਰੀ ਨਾਲ ਪੇਸ਼ ਕੀਤਾ ਗਿਆ। ਜਿਸ ਸਬੰਧੀ ਨਵਦੀਪ ਜਲਬੇੜਾ ਦੇ ਵਕੀਲ ਨੇ ਅਦਾਲਤ ਦੇ ਸਾਹਮਣੇ ਪੁਲਿਸ ‘ਤੇ ਦੋਸ਼ ਲਗਾਇਆ ਕਿ ਨਵਦੀਪ ਨੂੰ 24 ਘੰਟੇ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਗਿਆ ਸੀ, ਜੋ ਕਿ ਦੁਪਹਿਰ 1.30 ਵਜੇ ਪੂਰਾ ਹੋ ਗਿਆ ਸੀ ਪਰ ਪੁਲਿਸ ਨੇ ਉਸ ਦਾ ਮੈਡੀਕਲ ਦੁਪਹਿਰ 2:30 ਵਜੇ ਕਰਵਾਇਆ ਜੋ ਕਿ ਸਰਾਸਰ ਗਲਤ ਹੈ। ਵਕੀਲ ਦੀ ਦਲੀਲ ਸੁਣਨ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਉਹ ਅਗਲੀ ਵਾਰ ਇਸ ਸਭ ਦਾ ਧਿਆਨ ਰੱਖੇ। ਜਿਸ ਤੋਂ ਬਾਅਦ ਅਦਾਲਤ ਨੇ ਨਵਦੀਪ ਜਲਬੇੜਾ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ।