ਸੋਨੀਪਤ : ਹਰਿਆਣਾ ਦੇ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ (Dushyant Chautala) ਨੇ ਅੱਜ ਸੋਨੀਪਤ (Sonepat) ‘ਚ ਆਗਾਮੀ ਚੋਣਾਂ ਨੂੰ ਲੈ ਕੇ ਜਨਨਾਇਕ ਜਨਤਾ ਪਾਰਟੀ ਦੇ ਵਰਕਰਾਂ ਨਾਲ ਬੈਠਕ ਕੀਤੀ। ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਵੱਖ-ਵੱਖ ਪੱਧਰਾਂ ‘ਤੇ ਪਾਰਟੀ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾਣਗੀਆਂ ਅਤੇ ਪਾਰਟੀ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਜਲਦੀ ਹੀ ਬਾਕੀ ਰਹਿੰਦੀਆਂ ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਦੁਸ਼ਯੰਤ ਚੌਟਾਲਾ ਨੇ ਵੀ ਕਾਂਗਰਸ, ਭਾਜਪਾ ਅਤੇ ਇਨੈਲੋ ‘ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਕਿ ਇਨੈਲੋ ਅਤੇ ਕਾਂਗਰਸ ਦਾ ਸੰਗਠਨ ਸਭ ਤੋਂ ਕਮਜ਼ੋਰ ਹੈ ਅਤੇ ਕਾਂਗਰਸ ਦਾ ਅੰਦਰੂਨੀ ਕਲੇਸ਼ ਸਾਰਿਆਂ ਨੂੰ ਦਿਖਾਈ ਦੇ ਰਿਹਾ ਹੈ। ਜਿਹੜੀ ਭਾਜਪਾ ਪਾਰਟੀ 75 ਨੂੰ ਪਾਰ ਕਰਨ ਦਾ ਨਾਅਰਾ ਦੇ ਰਹੀ ਸੀ, ਉਸ ਨੂੰ ਵੀ ਸਾਡੇ ਸਮਰਥਨ ਦੀ ਲੋੜ ਸੀ। ਜੇ.ਜੇ.ਪੀ ਪਾਰਟੀ ਦੇ ਉਮੀਦਵਾਰ ਹੀ ਜਿੱਤਣਗੇ ਅਤੇ ਜਿੱਤਣ ਤੋਂ ਬਾਅਦ ਸੰਸਦ ਵਿੱਚ ਪਹੁੰਚਣਗੇ।
ਦੁਸ਼ਯੰਤ ਨੇ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ‘ਤੇ ਕੀਤੀ ਗੱਲ
ਉਨ੍ਹਾਂ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ‘ਤੇ ਵੀ ਬੋਲਦਿਆਂ ਕਿਹਾ ਕਿ ਇਹ ਸਰਕਾਰ ਅਤੇ ਪ੍ਰਸ਼ਾਸਨ ਦੀ ਨਾਕਾਮੀ ਹੈ। ਕਿਉਂਕਿ ਹਰ ਪਾਸੇ ਸੀ.ਸੀ.ਟੀ.ਵੀ. ਫੁਟੇਜ ਅਤੇ ਬਾਰਕੋਡ ਹੋਣ ਦੇ ਬਾਵਜੂਦ ਵੀ ਨਜਾਇਜ਼ ਕਾਰੋਬਾਰੀ ਵੱਧ-ਫੁੱਲ ਰਹੇ ਹਨ। ਇਸ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਲਗਾਤਾਰ ਫੇਲ੍ਹ ਹੋ ਰਹੀ ਹੈ।
ਹਿਸਾਰ ‘ਚ ਚੌਟਾਲਾ ਪਰਿਵਾਰ ਦੇ ਤਿੰਨ ਉਮੀਦਵਾਰਾਂ ਦੇ ਚੋਣ ਲੜਨ ‘ਤੇ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਅਸੀਂ ਕਈ ਪਰਿਵਾਰਾਂ ਨੂੰ ਆਹਮੋ-ਸਾਹਮਣੇ ਚੋਣ ਲੜਦੇ ਦੇਖਿਆ ਹੈ ਅਤੇ ਲੜਿਆ ਹੈ। ਹਰ ਪਾਰਟੀ ਆਪਣੀ ਵਿਚਾਰਧਾਰਾ ਦੇ ਆਧਾਰ ‘ਤੇ ਚੋਣਾਂ ਲੜਦੀ ਹੈ। ਪਰਿਵਾਰ ਨਾਲੋਂ ਲੋਕਾਂ ਦੀ ਰਾਏ ਦਾ ਭਰੋਸਾ ਜ਼ਿਆਦਾ ਜ਼ਰੂਰੀ ਹੈ।