ਨਵੀਂ ਦਿੱਲੀ: ਕੈਪਟਨ ਅੰਸ਼ੁਮਨ ਸਿੰਘ (Captain Anshuman Singh) ਦੀ ਵਿਧਵਾ ਪਤਨੀ ਖ਼ਿਲਾਫ਼ ਸੋਸ਼ਲ ਮੀਡੀਆ ‘ਤੇ ਅਸ਼ਲੀਲ ਟਿੱਪਣੀ ਕਰਨ ਵਾਲੇ ਵਿਅਕਤੀ ਖ਼ਿਲਾਫ਼ ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਦਿੱਲੀ ਪੁਲਿਸ (Delhi Police) ਨੇ ਦੋਸ਼ੀ ਵਿਅਕਤੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਹੈ ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਕੈਪਟਨ ਅੰਸ਼ੁਮਨ ਨੂੰ ਉਨ੍ਹਾਂ ਦੀ ਬਹਾਦਰੀ ਲਈ ਮਰਨ ਉਪਰੰਤ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਰਾਸ਼ਟਰਪਤੀ ਨੇ ਇਹ ਐਵਾਰਡ ਉਨ੍ਹਾਂ ਦੀ ਮਾਂ ਮੰਜੂ ਸਿੰਘ ਅਤੇ ਪਤਨੀ ਸਮ੍ਰਿਤੀ ਨੂੰ ਦਿੱਤਾ ਪਰ ਸੋਸ਼ਲ ਮੀਡੀਆ ‘ਤੇ ਕੁਝ ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ‘ਤੇ ਭੱਦੀਆਂ ਟਿੱਪਣੀਆਂ ਕੀਤੀਆਂ, ਜਿਸ ਕਾਰਨ ਸੋਸ਼ਲ ਮੀਡੀਆ ‘ਤੇ ਲੋਕਾਂ ‘ਚ ਗੁੱਸਾ ਫੈਲ ਗਿਆ।
ਇਸ ਦੌਰਾਨ ਰਾਸ਼ਟਰੀ ਮਹਿਲਾ ਕਮਿਸ਼ਨ (NCW) ਨੇ ਇਸ ‘ਤੇ ਕਾਰਵਾਈ ਕੀਤੀ ਹੈ ਅਤੇ ਦਿੱਲੀ ਪੁਲਿਸ ਨੂੰ ਪੱਤਰ ਲਿਖ ਕੇ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ। ਕੈਪਟਨ ਅੰਸ਼ੁਮਨ ਸਿੰਘ ਦੀ ਮਾਤਾ ਅਤੇ ਪਤਨੀ ਦਾ ਰਾਸ਼ਟਰਪਤੀ ਭਵਨ ਵਿਖੇ ਸਨਮਾਨ ਕੀਤਾ ਗਿਆ। ਕੀਰਤੀ ਚੱਕਰ ਪ੍ਰਾਪਤ ਕਰਨ ਵਾਲੀਆਂ ਉਨ੍ਹਾਂ ਦੀਆਂ ਤਸਵੀਰਾਂ ਕਾਫੀ ਸ਼ੇਅਰ ਕੀਤੀਆਂ ਗਈਆਂ ਸਨ। ਮਹਿਲਾ ਕਮਿਸ਼ਨ ਨੇ ਦਿੱਲੀ ਦੇ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੂੰ ਲਿਖੇ ਪੱਤਰ ‘ਚ ਕਿਹਾ ਕਿ ਅਹਿਮਦ ਨਾਂਅ ਦੇ ਵਿਅਕਤੀ ਨੇ ਸਮ੍ਰਿਤੀ ਦੀ ਤਸਵੀਰ ‘ਤੇ ਭੱਦੀ ਟਿੱਪਣੀ ਕੀਤੀ ਹੈ। ਉਹ ਦਿੱਲੀ ਦਾ ਰਹਿਣ ਵਾਲਾ ਹੈ।