ਨਵੀਂ ਦਿੱਲੀ: ਦਿੱਲੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ (Prashant Vihar Area) ਵਿੱਚ ਅੱਜ ਸੀ.ਆਰ.ਪੀ.ਐਫ. ਸਕੂਲ ਨੇੜੇ ਇੱਕ ਜ਼ਬਰਦਸਤ ਧਮਾਕਾ ਹੋਇਆ। ਧਮਾਕੇ ਦੀ ਆਵਾਜ਼ ਨਾਲ ਆਸ-ਪਾਸ ਦੇ ਲੋਕਾਂ ‘ਚ ਦਹਿਸ਼ਤ ਫੈਲ ਗਈ। ਆਸ-ਪਾਸ ਦੀਆਂ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਧਮਾਕੇ ਦੀ ਆਵਾਜ਼ ਸੁਣ ਕੇ ਉਹ ਤੁਰੰਤ ਆਪਣੇ ਘਰਾਂ ਅਤੇ ਦੁਕਾਨਾਂ ਤੋਂ ਬਾਹਰ ਆ ਗਏ। ਸਥਾਨਕ ਲੋਕਾਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਰਾਹਤ ਦੀ ਗੱਲ ਇਹ ਹੈ ਕਿ ਧਮਾਕੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਬੈਰੀਕੇਡ ਲਗਾ ਕੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ। ਇਸ ਤੋਂ ਇਲਾਵਾ ਫੋਰੈਂਸਿਕ ਸਾਇੰਸ ਲੈਬਾਰਟਰੀ ਟੀਮ ਨੂੰ ਮੌਕੇ ‘ਤੇ ਬੁਲਾਇਆ ਗਿਆ ਹੈ। ਐਫ.ਐਸ.ਐਲ. ਟੀਮ ਧਮਾਕੇ ਦੇ ਕਾਰਨਾਂ ਦੀ ਜਾਂਚ ਕਰੇਗੀ, ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਇਹ ਹਮਲਾ ਹੈ ਜਾਂ ਹਾਦਸਾ। ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਹੈ।

ਰੋਹਿਣੀ ਦੇ ਡੀ.ਸੀ.ਪੀ. ਅਮਿਤ ਗੋਇਲ ਨੇ ਦੱਸਿਆ ਕਿ ਧਮਾਕੇ ਦਾ ਕਾਰਨ ਜਾਣਨ ਲਈ ਮਾਹਿਰਾਂ ਨੂੰ ਬੁਲਾਇਆ ਗਿਆ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਧਮਾਕਾ ਕਿਸ ਕਿਸਮ ਦਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਮਾਹਿਰਾਂ ਦੀ ਟੀਮ ਘਟਨਾ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਸਥਿਤੀ ਸਪੱਸ਼ਟ ਹੋ ਜਾਵੇਗੀ। ਫਾਇਰ ਵਿਭਾਗ ਨੇ ਦੱਸਿਆ ਕਿ ਰੋਹਿਣੀ ਦੇ ਪ੍ਰਸ਼ਾਂਤ ਵਿਹਾਰ ਇਲਾਕੇ ‘ਚ ਸੀ.ਆਰ.ਪੀ.ਐੱਫ. ਸਕੂਲ ਦੇ ਬਾਹਰ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਅੱਗ ਬੁਝਾਊ ਵਿਭਾਗ ਨੂੰ ਸਵੇਰੇ 7:50 ਵਜੇ ਘਟਨਾ ਦੀ ਸੂਚਨਾ ਮਿਲੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਤੁਰੰਤ ਮੌਕੇ ‘ਤੇ ਭੇਜਿਆ ਗਿਆ। ਹਾਲਾਂਕਿ, ਅਜੇ ਤੱਕ ਕੰਧ ਨੂੰ ਅੱਗ ਲੱਗਣ ਜਾਂ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।

Leave a Reply