ਤਾਈਵਾਨ: ਤਾਈਵਾਨ (Taiwan) ਵਿੱਚ ਅੱਜ ਤੜਕੇ ਭੂਚਾਲ (Earthquake) ਦੇ ਜ਼ਬਰਦਸਤ ਝਟਕੇ ਲੱਗੇ। ਜਿਸ ਨਾਲ ਕਈ ਇਮਾਰਤਾਂ ਢਹਿ ਢੇਰੀ ਹੋ ਗਈਆਂ ਤੇ ਜਾਪਾਨ ਦੇ ਯੋਨਾਗੁਨੀ ਟਾਪੂ ਦੇ ਨੇੜੇ ਸੁਨਾਮੀ ਦਾ ਅਲਰਟ ਵੀ ਜਾਰੀ ਕਰ ਦਿੱਤਾ ਗਿਆ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.4 ਮਾਪੀ ਗਈ। ਜਾਣਕਾਰੀ ਮੁਤਾਬਕ ਭੂਚਾਲ ਸਵੇਰੇ 7.58 ਵਜੇ ਹੁਆਲੀਨ ਤੋਂ 18 ਕਿਲੋਮੀਟਰ ਦੱਖਣ-ਪੱਛਮ ਵਿਚ ਅਤੇ ਲਗਭਗ 35 ਕਿਲੋਮੀਟਰ ਦੀ ਡੂੰਘਾਈ ਵਿਚ ਆਇਆ।
ਭੂਚਾਲ ਕਾਰਨ ਤਾਈਵਾਨ ਦੇ ਹੁਆਲੀਅਨ ਸ਼ਹਿਰ ਵਿੱਚ ਇਮਾਰਤਾਂ ਮਿੰਟਾਂ ’ਚ ਹੀ ਡਿੱਗ ਗਈਆਂ, ਜਦੋਂ ਕਿ ਦੇਸ਼ ਭਰ ਵਿੱਚ ਰੇਲ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਹੁਆਲੀਅਨ ਵਿੱਚ ਇੱਕ ਪੰਜ ਮੰਜ਼ਿਲਾ ਇਮਾਰਤ ਅੰਸ਼ਕ ਤੌਰ ‘ਤੇ ਪਹਿਲੀ ਮੰਜ਼ਿਲ ‘ਤੇ ਡਿੱਗ ਗਈ, ਜਿਸ ਕਾਰਨ ਇਮਾਰਤ 45 ਡਿਗਰੀ ਦੇ ਕੋਣ ‘ਤੇ ਝੁੱਕ ਗਈ।
ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਕਿਹਾ ਕਿ ਓਕੀਨਾਵਾ ਪ੍ਰੀਫੈਕਚਰ ਦੇ ਤੱਟਵਰਤੀ ਖੇਤਰਾਂ ਦੇ ਨਿਵਾਸੀਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਦੇਸ਼ ਦੇ ਦੱਖਣ-ਪੱਛਮੀ ਤੱਟ ਤੱਕ 3 ਮੀਟਰ ਤੱਕ ਸੁਨਾਮੀ ਲਹਿਰਾਂ ਪਹੁੰਚਣ ਦੀ ਸੰਭਾਵਨਾ ਹੈ। ਜਾਪਾਨ ਸਵੈ-ਰੱਖਿਆ ਬਲ ਨੇ ਸੁਨਾਮੀ ਦੇ ਪ੍ਰਭਾਵ ਦੀ ਨਿਗਰਾਨੀ ਕਰਨ ਲਈ ਹਵਾਈ ਜਹਾਜ਼ ਤਾਇਨਾਤ ਕੀਤੇ ਹਨ ਅਤੇ ਨਿਕਾਸੀ ਸ਼ੈਲਟਰ ਵੀ ਤਿਆਰ ਕਰ ਰਹੇ ਹਨ।
ਜ਼ਿਕਰਯੋਗ ਹੈ 1999 ਵਿੱਚ ਦੇਸ਼ ਦੀ ਨੈਂਟੋ ਕਾਉਂਟੀ ਵਿੱਚ ਆਏ 7.2 ਤੀਬਰਤਾ ਦੇ ਭੂਚਾਲ ਤੋਂ ਬਾਅਦ ਪਿਛਲੇ 25 ਸਾਲਾਂ ਵਿੱਚ ਤਾਈਵਾਨ ਵਿੱਚ ਆਉਣ ਵਾਲਾ ਇਹ ਸਭ ਤੋਂ ਸ਼ਕਤੀਸ਼ਾਲੀ ਭੂਚਾਲ ਹੈ।