November 6, 2024

ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ 6 ਸਮੱਗਲਰ ਕਾਬੂ

ਦੀਨਾਨਗਰ : ਸਰਹੱਦੀ ਖੇਤਰ ਦੀ ਪੁਲਿਸ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਮੰਗਵਾਉਣ ਵਾਲੇ 6 ਸਮੱਗਲਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਨ੍ਹਾਂ ਵਿੱਚੋਂ ਇੱਕ ਕੋਲੋਂ ਪਾਕਿਸਤਾਨ ਵੱਲੋਂ ਭੇਜਿਆ ਗਿਆ ਡਰੋਨ ਵੀ ਬਰਾਮਦ ਹੋਇਆ ਹੈ। ਇਨ੍ਹਾਂ ਤਸਕਰਾਂ ਕੋਲੋਂ 875 ਗ੍ਰਾਮ ਹੈਰੋਇਨ, ਇੱਕ ਪਿਸਤੌਲ, 4 ਬੰਦੂਕਾਂ, 3 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.(ਡੀ) ਗੁਰਦਾਸਪੁਰ ਬਲਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਨਸ਼ਿਆਂ ਵਿਰੁੱਧ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਅਪਰੇਸ਼ਨ ਦੌਰਾਨ 8 ਮਾਰਚ ਨੂੰ ਥਾਣਾ ਬਹਿਰਾਮਪੁਰ ਦੇ ਪਿੰਡ ਚੱਕ ਰਾਮ ਸਹਾਏ ਦੇ ਵਸਨੀਕਾਂ ਵੱਲੋਂ ਦਿੱਤੀ ਗਈ ਸੂਚਨਾ ਦੇ ਆਧਾਰ ‘ਤੇ ਪਿੰਡ ਮਾਮੂਵਾਲ ਵਿਖੇ ਬੀ.ਐਸ.ਐਫ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਵਿਸ਼ੇਸ਼ ਤਲਾਸ਼ੀ ਮੁਹਿੰਮ ਚਲਾਈ ਗਈ। ਤਲਾਸ਼ੀ ਦੌਰਾਨ ਖੇਤਾਂ ‘ਚੋਂ 470 ਗ੍ਰਾਮ ਹੈਰੋਇਨ ਦਾ ਇਕ ਪੈਕਟ ਬਰਾਮਦ ਹੋਇਆ, ਜਿਸ ‘ਤੇ ਥਾਣਾ ਬਹਿਰਾਮਪੁਰ ਵਿਖੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ।

9 ਮਾਰਚ ਨੂੰ ਮੁੱਖ ਥਾਣਾ ਦੋਰਾਂਗਲਾ ਵੱਲੋਂ ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਹਾਈਟੈਕ ਨਾਕਾ ਬਬਰੀ ਬਾਈਪਾਸ ਗੁਰਦਾਸਪੁਰ ਤੋਂ ਅੰਮ੍ਰਿਤਸਰ ਵੱਲ ਆ ਰਹੀ ਇੱਕ ਵਰਨਾ ਕਾਰ ਨੂੰ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਕਾਰ ਸਵਾਰ ਗੁਰਜੀਤ ਸਿੰਘ ਉਰਫ ਕਾਲੂ ਪੁੱਤਰ ਲਖਬੀਰ ਸਿੰਘ ਅਤੇ ਸਤਨਾਮ ਸਿੰਘ ਪੁੱਤਰ ਸ. ਮੁਖਤਿਆਰ ਸਿੰਘ ਵਾਸੀ ਮਲੂਕ ਚੱਕ ਨੂੰ 405 ਗ੍ਰਾਮ ਹੈਰੋਇਨ, 30 ਬੋਰ ਦਾ ਪਿਸਤੌਲ ਅਤੇ 4 ਜਿੰਦਾ ਕਾਰਤੂਸ ਬਰਾਮਦ ਕਰਕੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੇ ਕਬੂਲ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਕੋਲੋਂ ਇੱਕ ਲੱਖ ਦੀ ਡਰੱਗ ਮਨੀ ਅਤੇ ਇੱਕ ਡਰੋਨ ਬਰਾਮਦ ਹੋਇਆ। ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨ ’ਤੇ ਸਾਹਮਣੇ ਆਇਆ ਕਿ ਥਾਣਾ ਬਹਿਰਾਮਪੁਰ ਵਿਖੇ ਦਰਜ ਉਪਰੋਕਤ ਕੇਸ ਵਿੱਚ ਇਨ੍ਹਾਂ ਮੁਲਜ਼ਮਾਂ ਨੇ ਪਾਕਿਸਤਾਨ ਤੋਂ ਡਰੋਨ ਰਾਹੀਂ 470 ਗ੍ਰਾਮ ਹੈਰੋਇਨ ਮੰਗਵਾਈ ਸੀ।

ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਹੈਰੋਇਨ ਅੱਗੇ ਗੁਰਪ੍ਰੀਤ ਸਿੰਘ ਉਰਫ਼ ਹੈਪੀ ਪੁੱਤਰ ਗੁਰਪਾਲ ਸਿੰਘ ਵਾਸੀ ਦੋਸਤਪੁਰ ਨੂੰ ਸਪਲਾਈ ਕਰ ਰਹੇ ਸਨ, ਜਿਸ ਨੂੰ ਇਸ ਮਾਮਲੇ ‘ਚ ਨਾਮਜ਼ਦ ਕਰਕੇ 2 ਲੱਖ ਰੁਪਏ ਦੇ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤਾ ਗਿਆ ਹੈ । ਇਸ ਤੋਂ ਇਲਾਵਾ ਇਨ੍ਹਾਂ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਹਰਮੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਖਵਾਜਾ ਬੜੰਗ ਅਤੇ ਰਣਯੋਧ ਸਿੰਘ ਉਰਫ ਢਿੱਲੋਂ ਉਰਫ ਯੋਧਾ ਨਾਲ ਮਿਲ ਕੇ ਮੁਲਜ਼ਮ ਹਰਜੀਤ ਸਿੰਘ ਉਰਫ ਜੀਤਾ ਪੁੱਤਰ ਸਵ. ਚੰਚਲ ਸਿੰਘ ਵਾਸੀ ਟਾਹਲੀ ਸਾਹਿਬ ਜੋ ਕਿ ਸਮੈਕ ਅੰਮ੍ਰਿਤਸਰ ਜੇਲ੍ਹ ਵਿੱਚ ਹੈ ਅਤੇ ਸੁਰਿੰਦਰ ਸਿੰਘ ਉਰਫ਼ ਕਾਲਾ ਪੁੱਤਰ ਹਰਦੇਵ ਸਿੰਘ ਵਾਸੀ ਪੂਲ੍ਹੀ ਹੁਸ਼ਿਆਰਪੁਰ ਜੋ ਕਿ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਹੈ, ਦੇ ਹੁਕਮਾਂ ’ਤੇ ਇਸ ਨੂੰ ਚਲਾਉਂਦਾ ਹੈ।

ਮੁਲਜ਼ਮ ਹਰਮੀਤ ਸਿੰਘ ਅਤੇ ਰਣਯੋਧ ਸਿੰਘ ਉਰਫ ਢਿੱਲੋਂ ਉਰਫ ਯੋਧਾ ਨੂੰ ਕੇਸ ਵਿੱਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਹਰਜੀਤ ਸਿੰਘ ਉਰਫ਼ ਜੀਤਾ ਨੂੰ ਜੇਲ੍ਹ ਵਿੱਚੋਂ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਇੱਕ ਮੋਬਾਈਲ ਫ਼ੋਨ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਸ ਦੇ ਇੱਕ ਸਾਥੀ ਸੁਰਿੰਦਰ ਸਿੰਘ ਉਰਫ਼ ਕਾਲਾ ਦੀ ਭਾਲ ਜਾਰੀ ਹੈ। ਇਸ ਮੌਕੇ ਡੀ.ਐਸ.ਪੀ ਦੀਨਾਨਗਰ ਸੁਰਿੰਦਰਪਾਲ ਸਿੰਘ, ਥਾਣਾ ਮੁਖੀ ਦੋਰਾਗਲਾ ਦਵਿੰਦਰ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਹਾਜ਼ਰ ਸਨ।

By admin

Related Post

Leave a Reply