ਜਲੰਧਰ : ਕਿਸੇ ਸਕੂਲ ‘ਚ ਟੀਚਰ ਦੀ ਇੰਟਰਵਿਊ ਲਈ ਆ ਰਹੇ ਦੋ ਨੌਜਵਾਨ ਸ਼ਾਹਪੁਰ ਸਥਿਤ ਸੀ.ਟੀ. ਕਾਲਜ ਤੋਂ ਪਿੰਡ ਪ੍ਰਤਾਪਪੁਰਾ (Pratappura) ਨੂੰ ਜਾਂਦੇ ਸਮੇਂ ਵਾਈ ਪੁਆਇੰਟ ‘ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਇਨੋਵਾ ਕਾਰ ਨਾਲ ਹੋਈ ਟੱਕਰ ਇੰਨੀ ਜ਼ਬਰਦਸਤ ਸੀ ਕਿ ਨੌਜਵਾਨਾਂ ਦੀ ਐਕਟਿਵਾ ਇਨੋਵਾ ਦੇ ਹੇਠਾਂ ਆ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋਵੇਂ ਗੰਭੀਰ ਜ਼ਖਮੀ ਵੀ ਹੋ ਗਏ।
ਹਾਦਸੇ ਦੀ ਸੂਚਨਾ ਮਿਲਦਿਆਂ ਹੀ ਫਤਿਹਪੁਰ (Pratappura) ਪੁਲਿਸ ਚੌਕੀ ਦੇ ਇੰਚਾਰਜ ਨਰਾਇਣ ਗੌੜ ਅਤੇ ਏ.ਐਸ.ਆਈ. ਕਸ਼ਮੀਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਐਂਬੂਲੈਂਸ ਦਾ ਪ੍ਰਬੰਧ ਕਰਕੇ ਸੜਕ ’ਤੇ ਪਏ ਦੋਵੇਂ ਗੰਭੀਰ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਜਸਪ੍ਰੀਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਚੰਡੀਗੜ੍ਹ, ਜੋ ਕਿ ਸੰਗੀਤ ਅਧਿਆਪਕ ਦੀ ਇੰਟਰਵਿਊ ਦੇਣ ਤੋਂ ਬਾਅਦ ਆਇਆ ਸੀ, ਨੂੰ ਮ੍ਰਿਤਕ ਐਲਾਨ ਦਿੱਤਾ। ਜਦੋਂਕਿ ਉਸ ਦਾ ਦੋਸਤ ਅਮਨਪ੍ਰੀਤ ਸਿੰਘ ਵਾਸੀ ਕਪੂਰਥਲਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਹੁਣ ਡਾਕਟਰਾਂ ਨੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਹੈ।
ਚੌਕੀ ਇੰਚਾਰਜ ਨਰਾਇਣ ਗੌੜ ਨੇ ਦੱਸਿਆ ਕਿ ਪੁਲਿਸ ਨੇ ਇਨੋਵਾ ਗੱਡੀ ਦੇ ਚਾਲਕ ਮੰਗਤ ਰਾਮ ਪੁੱਤਰ ਬਲਦੇਵ ਰਾਜ ਵਾਸੀ ਪਿੰਡ ਹਮੀਰੀ ਖੇੜਾ ਥਾਣਾ ਸਦਰ ਜਲੰਧਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਸ ਵਿਰੁੱਧ ਬੀ.ਐਨ.ਐਸ. ਭਾਰਤੀ ਦੰਡਾਵਲੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਸਦਰ ਜਮਸ਼ੇਰ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਮ੍ਰਿਤਕ ਜਸਪ੍ਰੀਤ ਸਿੰਘ ਦਾ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਨੁਕਸਾਨੇ ਗਏ ਦੋਵੇਂ ਵਾਹਨ ਇਨੋਵਾ ਅਤੇ ਐਕਟਿਵਾ ਨੂੰ ਫਤਿਹਪੁਰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ। ਪੁਲਿਸ ਹਾਦਸੇ ਸਬੰਧੀ ਮੁਲਜ਼ਮ ਇਨੋਵਾ ਚਾਲਕ ਮੰਗਤ ਰਾਮ ਤੋਂ ਪੁੱਛਗਿੱਛ ਕਰ ਰਹੀ ਹੈ।