ਲੁਧਿਆਣਾ : ਮੰਗਲਵਾਰ ਦੇਰ ਰਾਤ ਲਾਡੋਵਾਲ (Ladowal) ਨੇੜੇ ਹੋਏ ਰੇਲ ਹਾਦਸੇ ‘ਚ ਇਕ ਵਿਅਕਤੀ ਦੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਜੀਆਰਪੀ ਦੀ ਟੀਮ ਮੌਕੇ ‘ਤੇ ਪਹੁੰਚ ਗਈ, ਜਿਸ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।
ਮ੍ਰਿਤਕ ਦੀ ਪਛਾਣ ਵਿਜੀਲੈਂਸ ਦੇ ਏ.ਐਸ.ਆਈ. ਮਨਜੀਤ ਸਿੰਘ (ASI Manjit Singh) ਵਜੋਂ ਹੋਈ ਹੈ, ਜੋ ਕਿ ਕਾਕੋਵਾਲ ਰੋਡ ਸਥਿਤ ਸ਼ਿਮਲਾ ਕਲੋਨੀ ਦੀ ਗਲੀ ਨੰਬਰ 4 ਵਿੱਚ ਰਹਿੰਦਾ ਸੀ। ਜਾਂਚ ਦੌਰਾਨ ਪੁਲਿਸ ਨੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਉਸ ਦੀ ਪਛਾਣ ਕੀਤੀ। ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਉਪਰੋਕਤ ਹਾਦਸਾ ਲੁਧਿਆਣਾ ਤੋਂ ਜਾ ਰਹੀ ਇੱਕ ਮਾਲ ਗੱਡੀ ਨਾਲ ਵਾਪਰਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮਨਜੀਤ ਸਿੰਘ ਘਰੋਂ ਕਿਸੇ ਕੰਮ ਲਈ ਗਿਆ ਸੀ ਅਤੇ ਲਾਡੋਵਾਲ ਪੁਲ ਨੇੜੇ ਰੇਲਵੇ ਟਰੈਕ ਪਾਰ ਕਰ ਰਿਹਾ ਸੀ ਕਿ ਅਚਾਨਕ ਰੇਲਗੱਡੀ ਦੀ ਲਪੇਟ ਵਿੱਚ ਆ ਕੇ ਹਾਦਸਾਗ੍ਰਸਤ ਹੋ ਗਿਆ। ਮਨਜੀਤ ਸਿੰਘ ਵਿਜੀਲੈਂਸ ਰੇਂਜ 2 ਵਿੱਚ ਤਾਇਨਾਤ ਡੀ.ਐਸ.ਪੀ ਸ਼ਿਵਚੰਦ ਦਾ ਡਰਾਈਵਰ ਸੀ। ਮਾਮਲੇ ਸਬੰਧੀ ਜੀ.ਆਰ.ਪੀ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਮੌਕੇ ‘ਤੇ ਪਹੁੰਚੀ ਟੀਮ ਨੇ ਮੌਕੇ ‘ਤੇ ਮਿਲੇ ਦਸਤਾਵੇਜ਼ਾਂ ਦੀ ਜਾਂਚ ਕਰਨ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ।