ਜੇਕਰ ਤੁਸੀਂ ਵੀ ਕਰਦੇ ਹੋ ਆਨਲਾਈਨ ਸ਼ਾਪਿੰਗ ਤਾਂ ਪੜ੍ਹੋ ਇਹ ਖ਼ਬਰ
By admin / August 17, 2024 / No Comments / Punjabi News
ਲੁਧਿਆਣਾ : ਫਰਜ਼ੀ ਫੌਜੀ ਅਫਸਰ ਬਣ ਕੇ ਆਨਲਾਈਨ ਲੱਖਾਂ ਰੁਪਏ ਦੀ ਠੱਗੀ ਮਾਰਨ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਸਾਈਬਰ ਸਟੇਸ਼ਨ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਅਮਨਦੀਪ ਸਿੰਘ ਵਾਸੀ ਨਿਊ ਸੂਦਰ ਨਗਰ ਰਾਜਗੁਰੂ ਨਗਰ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਮਨਦੀਪ ਸਿੰਘ ਨੇ ਪੁਲਿਸ ਨੂੰ ਦਿੱਤੇ ਆਪਣੇ ਬਿਆਨ ‘ਚ ਦੱਸਿਆ ਕਿ ਇਕ ਵਿਅਕਤੀ ਨੇ ਉਸ ਦੇ ਮੋਬਾਇਲ ‘ਤੇ ਕਾਲ ਕਰਕੇ ਆਪਣਾ ਨਾਂ ਸੰਤੋਸ਼ ਕੁਮਾਰ ਦੱਸਿਆ।
ਸੰਤੋਸ਼ ਨੇ ਦੱਸਿਆ ਕਿ ਉਹ ਸੀ.ਆਰ.ਪੀ.ਐਫ ਕਲੋਨੀ ਦੁੱਗਰੀ ਵਿੱਚ ਰਹਿੰਦਾ ਹੈ ਅਤੇ ਫੌਜ ਦਾ ਅਧਿਕਾਰੀ ਹੈ। ਉਸ ਨੇ ਦੱਸਿਆ ਕਿ ਉਸ ਦੀ ਬਦਲੀ ਹੋ ਗਈ ਹੈ ਅਤੇ ਉਹ ਆਪਣਾ ਫਰਨੀਚਰ, ਏ.ਸੀ ਅਤੇ ਹੋਰ ਸਾਮਾਨ ਵੇਚਣਾ ਚਾਹੁੰਦਾ ਹੈ, ਜਿਸ ਕਾਰਨ ਉਸ ਨੇ ਉਸ ਸਾਮਾਨ ਦੀ ਫੋਟੋ ਉਸ ਨੂੰ ਵਟਸਐਪ ‘ਤੇ ਭੇਜ ਦਿੱਤੀ। ਜਦੋਂ ਉਹ ਸਾਮਾਨ ਖਰੀਦਣ ਲਈ ਰਾਜ਼ੀ ਹੋ ਗਿਆ ਤਾਂ ਸੰਤੋਸ਼ ਕੁਮਾਰ ਨੇ ਉਸ ਨੂੰ 1 ਲੱਖ 29 ਹਜ਼ਾਰ 500 ਰੁਪਏ ਭੇਜਣ ਲਈ ਕਿਹਾ। ਉਸ ਨੇ ਉਕਤ ਰਕਮ ਸੰਤੋਸ਼ ਦੇ ਖਾਤੇ ਵਿਚ ਟਰਾਂਸਫਰ ਕਰਵਾ ਦਿੱਤੀ। ਜਦੋਂ ਉਹ ਸਾਮਾਨ ਲੈਣ ਗਿਆ ਤਾਂ ਉਥੇ ਕੋਈ ਮੌਜੂਦ ਨਹੀਂ ਸੀ। ਤਫਤੀਸ਼ ਕਰਨ ‘ਤੇ ਪਤਾ ਲੱਗਾ ਕਿ ਉਕਤ ਦੋਸ਼ੀ ਨੇ ਉਸ ਨਾਲ ਧੋਖਾਧੜੀ ਕਰਕੇ ਉਸ ਨੂੰ ਫਰਜ਼ੀ ਫੌਜੀ ਦੱਸ ਕੇ ਠੱਗੀ ਮਾਰੀ ਹੈ। ਜਿਸ ‘ਤੇ ਪੁਲਿਸ ਨੇ ਜਾਂਚ ਤੋਂ ਬਾਅਦ ਮਾਮਲਾ ਦਰਜ ਕਰ ਲਿਆ ਹੈ। ਏ.ਐਸ.ਆਈ ਹਰਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।