ਜਾਮਤਾੜਾ: ਜਾਮਤਾੜਾ ਸਾਈਬਰ ਥਾਣੇ ਦੀ ਪੁਲਿਸ (Jamtara Cyber Police Station) ਨੇ ਗੁਪਤ ਸੂਚਨਾ ਦੇ ਆਧਾਰ ’ਤੇ 5 ਸਾਈਬਰ ਅਪਰਾਧੀਆਂ ਨੂੰ ਕਾਬੂ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਛਾਪੇਮਾਰੀ ਕਰਕੇ ਪੰਜ ਸਾਈਬਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਐਸ.ਪੀ ਅਹਿਤੇਸ਼ਾਮ ਵਕਾਰੀਬ ਨੇ ਪ੍ਰੈਸ ਕਾਨਫਰੰਸ ਵਿੱਚ ਇਸ ਗੱਲ ਦਾ ਖ਼ੁਲਾਸਾ ਕੀਤਾ।

ਪ੍ਰੈੱਸ ਕਾਨਫਰੰਸ ਦੌਰਾਨ ਐਸ.ਪੀ.ਅਹਿਤੇਸ਼ਾਮ ਵਕਾਰੀਬ (SP Ahitesham Vakarib) ਨੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਸਾਈਬਰ ਅਪਰਾਧੀਆਂ ਵਿਰੁੱਧ ਗੁਪਤ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਛਾਪੇਮਾਰੀ ਲਈ ਟੀਮ ਬਣਾਈ ਗਈ। ਐਸ.ਪੀ. ਨੇ ਦੱਸਿਆ ਕਿ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਕਾਰਵਾਈ ਕਰਦੇ ਹੋਏ ਕਰਮਾਟੰਡ ਅਤੇ ਨਰਾਇਣਪੁਰ ਚਿਤਰ ਥਾਣਾ ਖੇਤਰ ਤੋਂ ਸਾਈਬਰ ਅਪਰਾਧ ਕਰਨ ਵਾਲੇ 5 ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਫੜੇ ਗਏ ਦੋਸ਼ੀਆਂ ‘ਚ ਪ੍ਰਦੀਪ ਮੰਡਲ, ਵਾਸੂਦੇਵ ਮੰਡਲ, ਅਫਜ਼ਲ ਅੰਸਾਰੀ, ਮਜ਼ਹਰ ਆਲਮ ਅਤੇ ਜਲੀਲ ਅੰਸਾਰੀ ਸ਼ਾਮਲ ਹਨ। ਪੁਲਿਸ ਨੇ ਇਨ੍ਹਾਂ ਸਾਈਬਰ ਅਪਰਾਧੀਆਂ ਕੋਲੋਂ 22 ਐਂਡਰਾਇਡ ਮੋਬਾਈਲ ਫੋਨ, 24 ਜਾਅਲੀ ਸਿਮ ਕਾਰਡ, 2 ਏ.ਟੀ.ਐਮ. ਕਾਰਡ, 2 ਪਾਸਬੁੱਕ, 2 ਆਧਾਰ ਕਾਰਡ ਅਤੇ 1 ਪੈਨ ਕਾਰਡ ਬਰਾਮਦ ਕੀਤਾ ਹੈ।

ਪੁਲਿਸ ਸੁਪਰਡੈਂਟ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਸਾਈਬਰ ਅਪਰਾਧੀ ਪੱਛਮੀ ਬੰਗਾਲ, ਝਾਰਖੰਡ ਅਤੇ ਬਿਹਾਰ ਦੇ ਲੋਕਾਂ ਨਾਲ ਸਾਈਬਰ ਧੋਖਾਧੜੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਸਾਈਬਰ ਅਪਰਾਧੀ ਪਹਿਲਾਂ ਲੋਕਾਂ ਨੂੰ ਐਸ.ਬੀ.ਆਈ ਅਤੇ ਪੰਜਾਬ ਨੈਸ਼ਨਲ ਬੈਂਕ ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਬੰਦ ਹੋਣ ਦਾ ਝਾਂਸਾ ਦੇ ਕੇ ਸਾਈਬਰ ਧੋਖਾਧੜੀ ਕਰਦੇ ਸਨ ਅਤੇ ਫਿਰ ਮੋਬਾਈਲ ਸ਼ੇਅਰਿੰਗ ਐਪ ਰਾਹੀਂ ਉਨ੍ਹਾਂ ਤੋਂ ਲੋੜੀਂਦੀ ਜਾਣਕਾਰੀ ਹਾਸਲ ਕਰਦੇ ਸਨ। ਫਿਲਹਾਲ ਗ੍ਰਿਫ਼ਤਾਰ ਕੀਤੇ ਗਏ ਸਾਰੇ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ।

Leave a Reply