ਸਮਰਾਲਾ: ਸਮਰਾਲਾ ਦੇ ਪਿੰਡ ਪੂਨੀਆਂ (Punian Village) ਵਿਚ ਜ਼ਮੀਨੀ ਵਿਵਾਦ ਦੇ ਚਲਦਿਆਂ ਛੋਟੇ ਭਰਾ ਨੇ ਬੇਰਹਿਮੀ ਨਾਲ ਵੱਡੇ ਭਰਾ ਦਾ ਕਤਲ ਕਰ ਦਿੱਤਾ ਅਤੇ ਬਜ਼ੁਰਗ ਪਿਤਾ ਨੂੰ ਵੀ ਗੰਭੀਰ ਜ਼ਖ਼ਮੀ ਕਰ ਦਿੱਤਾ ਹੈ। ਮਿਲੀ ਜਾਣਕਾਰੀ ਅਨੁਸਾਰ 30 ਸਾਲਾ ਦਲਬੀਰ ਸਿੰਘ ਨੇ ਆਪਣੇ ਵੱਡੇ ਭਰਾ ਜਗਦੀਪ ਸਿੰਘ (35) ਉੱਤੇ ਸੱਬਲ ਨਾਲ ਹਮਲਾ ਕਰਨ ਮਗਰੋਂ ਅਪਣੇ ਪਿਤਾ ਰਾਮ ਸਿੰਘ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਹੈ। ਜ਼ਖ਼ਮੀ ਪਿਤਾ ਨੂੰ ਚੰਡੀਗੜ੍ਹ ਦੇ ਸਰਕਾਰੀ ਹਸਪਤਾਲ ’ਚ ਰੈਫਰ ਕੀਤਾ ਗਿਆ ਹੈ।

ਸਮਰਾਲਾ ਪੁਲਿਸ ਨੇ ਮ੍ਰਿਤਕ ਦੀ ਲਾਸ਼ ਆਪਣੇ ਕਬਜ਼ੇ ਦੇ ਵਿੱਚ ਲੈ ਲਈ ਹੈ। ਦੱਸ ਦਈਏ ਕਿ ਮ੍ਰਿਤਕ ਜਗਦੀਪ ਸਿੰਘ ਨੇ ਕਰੀਬ ਦੋ ਸਾਲ ਪਹਿਲਾਂ ਅਪਣੀ ਮਾਂ ਦਾ ਕਤਲ ਕਰ ਦਿੱਤਾ ਸੀ ਅਤੇ ਚਾਰ ਮਹੀਨੇ ਪਹਿਲਾਂ ਹੀ ਉਹ ਜੇਲ ’ਚੋਂ ਵਾਪਸ ਆਇਆ ਸੀ।ਜਾਣਕਾਰੀ ਦਿੰਦਿਆ ਪਿੰਡ ਨਿਵਾਸੀ ਪ੍ਰਗਟ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਗਦੀਪ ਸਿੰਘ ਅਤੇ ਉਸ ਦੇ ਪਿਤਾ ਰਾਮ ਸਿੰਘ ਪਿੰਡ ਵਿੱਚ ਅਲੱਗ ਘਰ ਵਿੱਚ ਰਹਿੰਦੇ ਸਨ, ਜਦਕਿ ਛੋਟਾ ਭਰਾ ਦਲਵੀਰ ਸਿੰਘ ਵੱਖਰੇ ਘਰ ਵਿਚ ਰਹਿੰਦਾ ਸੀ। ਇਸ ਤੋਂ ਪਹਿਲਾਂ ਵੀ ਉਨ੍ਹਾਂ ਵਿਚਾਲੇ ਜ਼ਮੀਨੀ ਵਿਵਾਦ ਦੇ ਚਲਦਿਆਂ ਕਈ ਵਾਰ ਲੜਾਈ ਹੋਈ ਅਤੇ ਪੰਚਾਇਤ ਨੇ ਸਮਝੌਤਾ ਵੀ ਕਰਵਾਇਆ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਤਿੰਨੋਂ ਪਿਓ-ਪੁੱਤ ਨਸ਼ੇ ਦੇ ਆਦੀ ਸਨ।ਉਧਰ ਜ਼ਖਮੀ ਰਾਮ ਸਿੰਘ ਨੇ ਦਸਿਆ ਕਿ ਉਸ ਦੇ ਛੋਟੇ ਬੇਟੇ ਨੇ ਨਸ਼ੇ ਵਿਚ ਆ ਕੇ ਵੱਡੇ ਲੜਕੇ ਦੀ ਕੁੱਟਮਾਰ ਕੀਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਇਸ ਤੋਂ ਬਾਅਦ ਉਸ ਉੱਤੇ ਵੀ ਬੇਰਹਿਮੀ ਨਾਲ ਹਮਲਾ ਕੀਤਾ ਹੈ।ਸਮਰਾਲਾ ਪੁਲਿਸ ਦੇ ਐਸ.ਐਚ.ਓ. ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਮਰਾਲਾ ਦੇ ਨਜ਼ਦੀਕੀ ਪਿੰਡ ਪੂਨੀਆਂ ਵਿਚ ਇਕ ਪਰਵਾਰਿਕ ਲੜਾਈ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦਲਵੀਰ ਸਿੰਘ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਮੁਕੱਦਮਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply