ਚੰਡੀਗੜ੍ਹ ਮੇਅਰ ਦੀ ਚੋਣ ਹਾਰਨ ਤੋਂ ਬਾਅਦ ਰਾਘਵ ਚੱਢਾ ਨੇ ਕਹੀਆਂ ਇਹ ਵੱਡੀਆਂ ਗੱਲਾਂ
By admin / January 30, 2024 / No Comments / Punjabi News
ਚੰਡੀਗੜ੍ਹ: ਚੰਡੀਗੜ੍ਹ ਮੇਅਰ ਦੀ ਚੋਣ ਭਾਜਪਾ ਦੇ ਮਨੋਜ ਸੋਨਕਰ (BJP Manoj Sonka) ਨੇ ਜਿੱਤ ਲਈ ਹੈ। ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਨੇਤਾਵਾਂ ਵੱਲੋਂ ਸਵਾਲ ਚੁੱਕੇ ਜਾ ਰਹੇ ਹਨ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਨੇ ਲਾਈਵ ਹੋ ਕੇ ਵੱਡੀਆਂ ਗੱਲਾਂ ਕਹੀਆਂ ਹਨ। ਰਾਘਵ ਚੱਢਾ (Raghav Chadha) ਨੇ ਕਿਹਾ ਕਿ ਅੱਜ ਪੂਰੇ ਸਦਨ ਵਿੱਚ ਹੰਗਾਮਾ ਹੋਇਆ। ਉਨ੍ਹਾਂ ਕਿਹਾ ਕਿ ਜਿਵੇਂ ਹੀ ਭਾਜਪਾ ਉਮੀਦਵਾਰ ਦੇ ਮੇਅਰ ਬਣਨ ਦਾ ਐਲਾਨ ਹੋਇਆ ਤਾਂ ਕਾਹਲੀ ਨਾਲ ਸਾਰੇ ਬੈਲਟ ਪੇਪਰਾਂ ਨੂੰ ਬਾਹਰ ਕੱਢ ਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਪਤਾ ਨਹੀਂ ਇਨ੍ਹਾਂ ਲੋਕਾਂ ਨੇ ਬੈਲਟ ਪੇਪਰਾਂ ਦਾ ਕੀ ਕੀਤਾ ਅਤੇ ਕਿਸੇ ਵੀ ਪਾਰਟੀ ਦੇ ਕੌਂਸਲਰ ਨੂੰ ਇਹ ਬੈਲਟ ਪੇਪਰ ਨਹੀਂ ਦਿਖਾਏ ਗਏ। ਇਹ ਘਟਨਾ ਦੇਸ਼ ਦੇ ਸਭ ਤੋਂ ਮਹੱਤਵਪੂਰਨ ਸ਼ਹਿਰ ਚੰਡੀਗੜ੍ਹ ‘ਚ ਘਟੀ ਹੈ।
ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਹੈ ਕਿ ਭਾਜਪਾ, ਇੰਡੀਆ ਗਠਜੋੜ ਤੋਂ ਇੰਨਾ ਡਰ ਗਈ ਹੈ ਕਿ ਉਹ ਇਸ ਤਰ੍ਹਾਂ ਦੀਆਂ ਅਸੰਵਿਧਾਨਿਕ ਘਟਨਾਵਾਂ ਨੂੰ ਅੰਜਾਮ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਭਾਜਪਾ ਨੇ ਜੋ ਕੀਤਾ ਹੈ, ਉਹ ਸਿੱਧਾ-ਸਿੱਧਾ ਦੇਸ਼ ਧ੍ਰੋਹ ਹੈ ਅਤੇ ਇਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ, ਨਹੀਂ ਤਾਂ ਦੇਸ਼ ਦੇ ਆਮ ਆਦਮੀ ਦਾ ਲੋਕਤੰਤਰ ਤੋਂ ਵਿਸ਼ਵਾਸ ਉੱਠ ਜਾਵੇਗਾ। ਮੀਡੀਆ ਨੂੰ ਸੰਬੋਧਨ ਕਰਦਿਆਂ ਸੀਨੀਅਰ ਕਾਂਗਰਸੀ ਆਗੂ ਪਵਨ ਬਾਂਸਲ ਨੇ ਕਿਹਾ ਕਿ ਜੋ ਅੱਜ ਮੇਅਰ ਚੋਣ ਦੌਰਾਨ ਹੋਇਆ ਹੈ, ਅਜਿਹਾ ਜੰਗਲ ਰਾਜ ਦਾ ਨਾਚ ਕਦੇ ਕਿਤੇ ਦੇਖਣ ਨੂੰ ਨਹੀਂ ਮਿਲਿਆ ਹੋਵੇਗਾ। ਵਿਅਕਤੀ ਸੋਚ ਵੀ ਨਹੀਂ ਸਕਦਾ ਸੀ ਕਿ ਇਸ ਹੱਦ ਤੱਕ ਭਾਰਤੀ ਜਨਤਾ ਪਾਰਟੀ ਬੌਖ਼ਲਾ ਕੇ ਆਪਣੀ ਹਾਰ ਆਪਣੇ ਸਾਹਮਣੇ ਦੇਖਦੀ ਹੋਈ ਇਸ ਹੱਦ ਤੱਕ ਪਹੁੰਚ ਜਾਵੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਲੋਕਤੰਤਰ ਨੂੰ ਬਚਾਉਣ ਲਈ ਕੀਤਾ ਗਿਆ ਹੈ। ਰਾਘਵ ਚੱਢਾ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਧੋਖੇ ਨਾਲ ਇੰਡੀਆ ਗਠਜੋੜ ਨੂੰ ਹਰਾ ਕੇ ਭਾਜਪਾ ਜਿੱਤਾ ਜਾਂਦੀ ਹੈ ਤਾਂ ਫਿਰ ਸ਼ਾਇਦ ਇਸ ਦੇਸ਼ ‘ਚ ਚੋਣ ਪ੍ਰਕਿਰਿਆ ਹੀ ਖ਼ਤਮ ਹੋ ਜਾਵੇ ਅਤੇ ਭਾਰਤ ਦੇਸ਼, ਚੀਨ ਜਾਂ ਉੱਤਰੀ ਕੋਰੀਆ ਵਰਗੇ ਲੋਕਤੰਤਰ ‘ਚ ਤਬਦੀਲ ਹੋ ਜਾਵੇ ਅਤੇ ਚੰਡੀਗੜ੍ਹ ਮੇਅਰ ਚੋਣ ‘ਚ ਇਹ ਬੜਾ ਖ਼ਤਰਨਾਕ ਸੁਨੇਹਾ ਨਿਕਲਿਆ ਹੈ। ਮੇਰੀ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਇਸ ‘ਤੇ ਜ਼ਰੂਰ ਧਿਆਨ ਦਿੱਤਾ ਜਾਵੇ। ਰਾਘਵ ਚੱਢਾ ਨੇ ਇਸ ਸਬੰਧੀ ਅਦਾਲਤ ਦਾ ਦਰਵਾਜ਼ਾ ਖੜਕਾਉਣ ਦੀ ਵੀ ਗੱਲ ਕਹੀ ਹੈ।
ਸੰਸਦ ਮੈਂਬਰ ਕਿਰਨ ਖੇਰ ਵਲੋਂ ਜਿੱਤ ਤੋਂ ਬਾਅਦ ਇਤਿਹਾਸ ਰਚਣ ਦੇ ਬਿਆਨ ‘ਤੇ ਬੋਲਦਿਆਂ ਰਾਘਵ ਚੱਢਾ ਨੇ ਕਿਹਾ ਕਿ ਭਾਜਪਾ ਨੇ ਗੈਰ ਕਾਨੂੰਨੀ ਕੰਮ ਅਤੇ ਲੋਕਤੰਤਰ ਦਾ ਕਤਲ ਕਰਨ ‘ਚ ਇਤਿਹਾਸ ਰਚਿਆ ਹੈ। ਅਜਿਹਾ ਇਤਿਹਾਸ ਰਚਣਾ ਤੁਹਾਨੂੰ ਅਤੇ ਤੁਹਾਡੀ ਪਾਰਟੀ ਨੂੰ ਮੁਬਾਰਕ ਅਤੇ ਸਾਡੀ ਪਾਰਟੀ ਇਸ ਲੋਕਤੰਤਰ ਨੂੰ ਜਿਊਂਦਾ ਰੱਖਣ ਲਈ ਲੜਾਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਜੇਕਰ ਮੇਅਰ ਵਰਗੀ ਛੋਟੀ ਜਿਹੀ ਚੋਣ ‘ਚ ਭਾਜਪਾ ਅਜਿਹੀ ਹਰਕਤ ਕਰ ਸਕਦੀ ਹੈ ਤਾਂ ਫਿਰ 2024 ਦੀਆਂ ਚੋਣਾਂ ‘ਚ ਆਪਣੀਆਂ ਅੱਖਾਂ ਸਾਹਮਣੇ ਹਾਰ ਦੇਖ ਭਾਜਪਾ ਕੀ-ਕੀ ਗੈਰ-ਕਾਨੂੰਨ ਕੰਮ ਕਰੇਗੀ, ਤੁਸੀਂ ਇਸ ਦਾ ਅੰਦਾਜ਼ਾ ਨਹੀਂ ਲਾ ਸਕਦੇ। ਉਨ੍ਹਾਂ ਕਿਹਾ ਕਿ ਮੈਨੂੰ ਭਰੋਸਾ ਹੈ ਕਿ ਅਦਾਲਤ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਇਸ ਦੀ ਜਾਂਚ ਜ਼ਰੂਰ ਕਰੇਗੀ।