ਆਂਧਰਾ ਪ੍ਰਦੇਸ਼: ਆਂਧਰਾ ਪ੍ਰਦੇਸ਼ ਦੇ ਗਰਲਜ਼ ਹੋਸਟਲ (Girls’ Hostel) ਵਿੱਚ ਵਿਦਿਆਰਥਣਾਂ ਦੇ ਬਾਥਰੂਮ ਵਿੱਚ ਲੁਕਵੇਂ ਕੈਮਰੇ ਲਗਾਏ ਜਾਣ, ਵੀਡੀਓ ਰਿਕਾਰਡ ਕਰਕੇ ਵੇਚੇ ਜਾਣ ਦੀ ਖ਼ਬਰ ਨੇ ਸਨਸਨੀ ਮਚਾ ਦਿੱਤੀ ਹੈ। ਮਾਮਲਾ ਇਹ ਹੈ ਕਿ ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਐੱਸ.ਆਰ ਗੁਡਲਾਵੇਲੇਰੂ ਇੰਜੀਨੀਅਰਿੰਗ ਕਾਲਜ (SR Gudlavelleru Engineering College) ਦੇ ਗਰਲਜ਼ ਹੋਸਟਲ ਦੇ ਬਾਥਰੂਮ ‘ਚ ਖੁਫੀਆ ਕੈਮਰਾ ਮਿਲਣ ਤੋਂ ਬਾਅਦ ਭਾਰੀ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ।
ਪ੍ਰਦਰਸ਼ਨ ਨਾਲ ਸਬੰਧਤ ਵੀਡੀਓ ‘ਚ ਗਰਲਜ਼ ਹੋਸਟਲ ‘ਚ ਮੌਜੂਦ ਕਈ ਵਿਦਿਆਰਥਣਾਂ ‘ਵੀ ਵਾਟ ਜਸਟਿਸ’ ਦੇ ਨਾਅਰੇ ਲਾਉਂਦੀਆਂ ਨਜ਼ਰ ਆ ਰਹੀਆਂ ਹਨ।ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਅਤੇ ਕਾਲਜ ਵਿੱਚ ਉਨ੍ਹਾਂ ਦੀ ਸੁਰੱਖਿਆ ਦਾ ਭਰੋਸਾ ਦਿੱਤਾ ਜਾਵੇ।
ਆਂਧਰਾ ਪ੍ਰਦੇਸ਼ ਪੁਲਿਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਮਾਮਲੇ ‘ਚ ਦੋਸ਼ੀ ਦੀ ਪਛਾਣ ਵਿਜੇ ਵਜੋਂ ਕੀਤੀ ਹੈ, ਜੋ ਇਸ ਕਾਲਜ ਦਾ ਵਿਦਿਆਰਥੀ ਸੀ। ਵਿਜੇ ਦਾ ਲੈਪਟਾਪ ਜ਼ਬਤ ਕਰ ਲਿਆ ਗਿਆ ਅਤੇ ਕਰੀਬ 300 ਅਸ਼ਲੀਲ ਵੀਡੀਓ ਬਰਾਮਦ ਕੀਤੇ ਗਏ। ਪੁਲਿਸ ਨੂੰ ਸ਼ੱਕ ਹੈ ਕਿ ਉਸ ਨੇ ਇਨ੍ਹਾਂ ਵੀਡੀਓਜ਼ ਦੀ ਕਈ ਫੁਟੇਜ ਹੋਰ ਕਈ ਵਿਦਿਆਰਥੀਆਂ ਨੂੰ ਵੇਚ ਦਿੱਤੀਆਂ ਸਨ। ਖ਼ਬਰ ਲਿਖੇ ਜਾਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਸੀ ਕਿ ਵਿਜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਾਂ ਨਹੀਂ।