ਸਪੋਰਟਸ ਨਿਊਜ਼: ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਤਜਰਬੇਕਾਰ ਖਿਡਾਰਨ ਦੀਪਤੀ ਸ਼ਰਮਾ (Deepti Sharma) ਨੇ ਮਹਿਲਾ ਪ੍ਰੀਮੀਅਰ ਲੀਗ (Women’s Premier League) ‘ਚ ਇਕ ਵੱਡੀ ਉਪਲੱਬਧੀ ਆਪਣੇ ਨਾਂ ਦਰਜ ਕਰ ਲਈ ਹੈ। ਦੀਪਤੀ ਨੇ WPL ਦੇ 15ਵੇਂ ਮੈਚ ‘ਚ ਦਿੱਲੀ ਕੈਪੀਟਲਸ ਦੇ ਖ਼ਿਲਾਫ਼ ਹੈਟ੍ਰਿਕ ਲੈ ਕੇ ਇਤਿਹਾਸ ਰਚ ਦਿੱਤਾ ਹੈ ।
ਉਹ ਮਹਿਲਾ ਆਈਪੀਐਲ ਵਿੱਚ ਹੈਟ੍ਰਿਕ ਲੈਣ ਵਾਲੀ ਪਹਿਲੀ ਭਾਰਤੀ ਅਤੇ ਕੁੱਲ ਮਿਲਾ ਕੇ ਦੂਜੀ ਖਿਡਾਰਨ ਬਣੀ ਹੈ। ਉਨ੍ਹਾਂ ਨੇ ਦੋ ਸਪੈੱਲ ਵਿੱਚ ਆਪਣੀ ਹੈਟ੍ਰਿਕ ਪੂਰੀ ਕੀਤੀ ਹੈ। ਦੀਪਤੀ ਦੀ ਆਲਰਾਊਂਡਰ ਖੇਡ ਦੀ ਬਦੌਲਤ, ਯੂਪੀ ਵਾਰੀਅਰਜ਼ ਨੇ ਮੈਚ ਵਿੱਚ ਦਿੱਲੀ ਕੈਪੀਟਲਜ਼ ਨੂੰ ਇੱਕ ਗੇਂਦ ਬਾਕੀ ਰਹਿੰਦਿਆਂ 1 ਦੌੜ ਨਾਲ ਹਰਾਇਆ ਹੈ। ਇਸ ਜਿੱਤ ਨਾਲ ਯੂਪੀ ਦੇ 6 ਅੰਕ ਹੋ ਗਏ ਹਨ ਅਤੇ ਉਹ ਅੰਕ ਸੂਚੀ ਵਿਚ ਚੌਥੇ ਸਥਾਨ ‘ਤੇ ਹੈ ਜਦਕਿ ਹਾਰ ਦੇ ਬਾਵਜੂਦ ਦਿੱਲੀ ਕੈਪੀਟਲਸ 8 ਅੰਕਾਂ ਨਾਲ ਸਿਖਰ ‘ਤੇ ਹੈ।
ਦੀਪਤੀ ਸ਼ਰਮਾ ਨੇ ਦਿੱਲੀ ਕੈਪੀਟਲਜ਼ ਦੀ ਪਾਰੀ ਦੇ 14ਵੇਂ ਓਵਰ ਦੀ ਆਖਰੀ ਗੇਂਦ ‘ਤੇ ਮੇਗ ਲੈਨਿੰਗ ਨੂੰ ਐੱਲ.ਬੀ.ਡਬਲਯੂ. ਕੀਤਾ। ਇਸ ਤੋਂ ਬਾਅਦ ਦੀਪਤੀ ਨੂੰ ਕਪਤਾਨ ਐਲਿਸਾ ਹੀਲੀ ਨੇ ਗੇਂਦਬਾਜ਼ੀ ਹਮਲੇ ਤੋਂ ਹਟਾ ਦਿੱਤਾ। ਫਿਰ ਉਸ ਨੂੰ 19ਵੇਂ ਓਵਰ ਵਿੱਚ ਬੁਲਾਇਆ ਗਿਆ ਜੋ ਦੀਪਤੀ ਦਾ ਚੌਥਾ ਅਤੇ ਆਖਰੀ ਓਵਰ ਸੀ। ਦੀਪਤੀ ਨੇ ਇਸ ਓਵਰ ਦੀ ਪਹਿਲੀ ਗੇਂਦ ‘ਤੇ ਅਨਾਬੇਲ ਸਦਰਲੈਂਡ ਨੂੰ ਬੋਲਡ ਕਰ ਦਿੱਤਾ ਜਦਕਿ ਦੂਜੀ ਗੇਂਦ ‘ਤੇ ਅਰੁੰਧਤੀ ਰੈੱਡੀ ਨੂੰ ਗ੍ਰੇਸ ਹੈਰਿਸ ਹੱਥੋਂ ਕੈਚ ਕਰਵਾ ਕੇ ਆਪਣੀ ਹੈਟ੍ਰਿਕ ਪੂਰੀ ਕੀਤੀ।
ਦੀਪਤੀ ਸ਼ਰਮਾ ਨੇ 19 ਦੌੜਾਂ ਦੇ ਕੇ 4 ਵਿਕਟਾਂ ਲਈਆਂ
ਦੀਪਤੀ ਨੇ ਆਪਣੇ 4 ਓਵਰਾਂ ਦੇ ਸਪੈੱਲ ‘ਚ 19 ਦੌੜਾਂ ਦਿੱਤੀਆਂ ਅਤੇ ਹੈਟ੍ਰਿਕ ਸਮੇਤ 4 ਵਿਕਟਾਂ ਲਈਆਂ, ਜਦਕਿ ਬੱਲੇਬਾਜ਼ੀ ਕਰਦੇ ਹੋਏ ਉਨ੍ਹਾਂ ਨੇ 48 ਗੇਂਦਾਂ ‘ਚ 6 ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 59 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ। ਦੀਪਤੀ ਸ਼ਰਮਾ ਦੀ ਆਲਰਾਊਂਡਰ ਖੇਡ ਦੇ ਦਮ ‘ਤੇ ਯੂਪੀ ਵਾਰੀਅਰਜ਼ ਨੇ ਦਿੱਲੀ ਕੈਪੀਟਲਜ਼ ‘ਤੇ ਇਕ ਦੌੜ ਨਾਲ ਰੋਮਾਂਚਕ ਜਿੱਤ ਦਰਜ ਕੀਤੀ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਵਾਰੀਅਰਜ਼ ਦੀ ਟੀਮ ਨੇ ਦੀਪਤੀ ਸ਼ਰਮਾ ਦੀਆਂ ਅਜੇਤੂ 59 ਦੌੜਾਂ ਦੀ ਮਦਦ ਨਾਲ 8 ਵਿਕਟਾਂ ‘ਤੇ 138 ਦੌੜਾਂ ਬਣਾਈਆਂ। ਦਿੱਲੀ ਦੀ ਟੀਮ 19.5 ਓਵਰਾਂ ਵਿੱਚ 137 ਦੌੜਾਂ ਬਣਾ ਕੇ ਆਊਟ ਹੋ ਗਈ ਸੀ।