ਨਵੀਂ ਦਿੱਲੀ : ਕੋਲਕਾਤਾ ਟਰੇਨੀ ਡਾਕਟਰ ਰੇਪ-ਕਤਲ (Kolkata Trainee Doctor Rape-Murder Case) ਮਾਮਲੇ ਨਾਲ ਜੁੜੀਆਂ ਵੱਡੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਕਤਲ ਕਾਂਡ ਦੇ ਮੁੱਖ ਦੋਸ਼ੀ ਸੰਜੇ ਰਾਏ ਦਾ ਪੋਲੀਗ੍ਰਾਫ਼ ਟੈਸਟ (The Polygraph Test) ਪੂਰਾ ਹੋ ਗਿਆ ਹੈ। ਸੀ.ਬੀ.ਆਈ. ਦੀ ਟੀਮ ਜੇਲ੍ਹ ਤੋਂ ਬਾਹਰ ਆ ਗਈ ਹੈ।
ਤੁਹਾਨੂੰ ਦੱਸ ਦੇਈਏ ਕਿ ਅੱਜ ਪ੍ਰੈਜ਼ੀਡੈਂਸੀ ਜੇਲ੍ਹ ਵਿੱਚ ਮੁੱਖ ਮੁਲਜ਼ਮ ਸੰਜੇ ਰਾਏ ਦਾ ਪੋਲੀਗ੍ਰਾਫ਼ ਟੈਸਟ ਸ਼ੁਰੂ ਹੋਇਆ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸੰਜੇ ਰਾਏ ਦਾ ਟੈਸਟ ਪੂਰਾ ਹੋ ਗਿਆ ਹੈ ਅਤੇ ਸੀ.ਬੀ.ਆਈ. ਦੀ ਟੀਮ ਜੇਲ੍ਹ ਚੋਂ ਨਿਕਲ ਚੁੱਕੀ ਹੈ। ਦਰਅਸਲ ਬੀਤੇ ਦਿਨ ਕੋਲਕਾਤਾ ਰੇਪ ਅਤੇ ਕਤਲ ਮਾਮਲੇ ‘ਚ ਸੰਦੀਪ ਘੋਸ਼ ਸਮੇਤ 6 ਲੋਕਾਂ ਦਾ ਪੋਲੀਗ੍ਰਾਫ ਟੈਸਟ ਕੀਤਾ ਗਿਆ ਸੀ। ਸੰਜੇ ਰਾਏ ਦਾ ਟੈਸਟ ਅੱਜ ਐਤਵਾਰ ਨੂੰ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਤਕਨੀਕੀ ਖਰਾਬੀ ਕਾਰਨ ਬੀਤੇ ਦਿਨ ਟੈਸਟ ਨਹੀਂ ਹੋ ਸਕਿਆ ਸੀ। ਸਾਬਕਾ ਪ੍ਰਿੰਸੀਪਲ ਸੰਦੀਪ ਘੋਸ਼, ਘਟਨਾ ਵਾਲੀ ਰਾਤ ਡਿਊਟੀ ’ਤੇ ਮੌਜੂਦ ਚਾਰ ਡਾਕਟਰਾਂ ਅਤੇ ਇੱਕ ਸਿਵਲ ਵਲੰਟੀਅਰ ਸਮੇਤ ਬਾਕੀ ਛੇ ਵਿਅਕਤੀਆਂ ਦਾ ਸੀ.ਬੀ.ਆਈ. ਦਫ਼ਤਰ ਵਿੱਚ ਟੈਸਟ ਕੀਤਾ ਗਿਆ ਸੀ ।
ਪੋਲੀਗ੍ਰਾਫ ਟੈਸਟ ਤੋਂ ਪਹਿਲਾਂ ਦੋਸ਼ੀ ਸੰਜੇ ਰਾਏ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ। ਮੁਲਜ਼ਮ ਨੇ ਕਿਹਾ ਸੀ ਕਿ ਉਹ ਖ਼ੁਦ ਪੋਲੀਗ੍ਰਾਫ਼ ਟੈਸਟ ਕਰਵਾਉਣਾ ਚਾਹੁੰਦਾ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ, ਕਿਉਂਕਿ ਉਸ ਨੂੰ ਇਸ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਸੰਜੇ ਰਾਏ ਦੀ ਵਕੀਲ ਕਵਿਤਾ ਸਰਕਾਰ ਨੇ ਉਨ੍ਹਾਂ ਨੂੰ ਪੋਲੀਗ੍ਰਾਫ਼ ਟੈਸਟ ਬਾਰੇ ਪੂਰੀ ਜਾਣਕਾਰੀ ਦਿੱਤੀ। ਜਦੋਂ ਮੈਜਿਸਟਰੇਟ ਨੇ ਸੰਜੇ ਰਾਏ ਤੋਂ ਸਿੱਧਾ ਸਵਾਲ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਟੈਸਟ ਲਈ ਸਹਿਮਤ ਹੈ ਕਿਉਂਕਿ ਉਹ ਬੇਕਸੂਰ ਹੈ। ਇਸ ਤੋਂ ਇਲਾਵਾ ਸੰਜੇ ਰਾਏ ਨੇ ਇਹ ਵੀ ਕਿਹਾ ਹੈ ਕਿ ਜੇਲ੍ਹ ਅੰਦਰ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ।