ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਨੇਤਾ ਕੈਲਾਸ਼ ਗਹਿਲੋਤ ਨੇ ਪਿੱਛਲੇ ਦਿਨੀ ਆਮ ਆਦਮੀ ਪਾਰਟੀ ਤੋਂ ਆਪਣਾ ਅਸਤੀਫਾ ਦੇ ਦਿਤਾ ਸੀ। ਆਮ ਆਦਮੀ ਪਾਰਟੀ ਅਤੇ ਦਿੱਲੀ ਸਰਕਾਰ ਦੇ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ 24 ਘੰਟੇ ਬਾਅਦ ਸੋਮਵਾਰ ਨੂੰ ਕੈਲਾਸ਼ ਗਹਿਲੋਤ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ। ਦੁਪਹਿਰ ਕਰੀਬ 12:30 ਵਜੇ ਦਿੱਲੀ ਭਾਜਪਾ ਦੀ ਪ੍ਰੈੱਸ ਕਾਨਫਰੰਸ ਹੋਵੇਗੀ।
ਗਹਿਲੋਤ ਇਸ ਸੰਮੇਲਨ ‘ਚ ਪਾਰਟੀ ‘ਚ ਸ਼ਾਮਲ ਹੋ ਸਕਦੇ ਹਨ। ‘ਆਪ’ ਨੇਤਾ ਸੰਜੇ ਸਿੰਘ ਨੇ ਕਿਹਾ ਦਿੱਲੀ ਚੋਣਾਂ ਤੋਂ ਪਹਿਲਾਂ ਮੋਦੀ ਵਾਸ਼ਿੰਗ ਮਸ਼ੀਨ ਸਰਗਰਮ ਹੋ ਗਈ ਹੈ। ਹੁਣ ਇਸ ਮਸ਼ੀਨ ਰਾਹੀਂ ਕਈ ਨੇਤਾ ਭਾਜਪਾ ‘ਚ ਸ਼ਾਮਲ ਹੋਣਗੇ। ਇਸ ਦੇ ਨਾਲ ਹੀ ਸੀਐਮ ਆਤਿਸ਼ੀ ਨੇ ਕਿਹਾ- ਇਹ ਭਾਜਪਾ ਦੀ ਗੰਦੀ ਸਾਜ਼ਿਸ਼ ਹੈ। ਭਾਜਪਾ ਈਡੀ ਅਤੇ ਸੀਬੀਆਈ ਦੇ ਦਮ ‘ਤੇ ਦਿੱਲੀ ‘ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਜਿੱਤਣਾ ਚਾਹੁੰਦੀ ਹੈ। ਦੂਜੇ ਪਾਸੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਅੱਜ ਪ੍ਰੈੱਸ ਕਾਨਫਰੰਸ ਕਰਨਗੇ।
ਇਸ ‘ਚ ਉਹ ਗਹਿਲੋਤ ਦੇ ਪਾਰਟੀ ਛੱਡਣ ਤੋਂ ਬਾਅਦ ‘ਆਪ’ ‘ਤੇ ਲੱਗੇ ਦੋਸ਼ਾਂ ਦਾ ਜਵਾਬ ਦੇ ਸਕਦੇ ਹਨ। ਦਰਅਸਲ ਗਹਿਲੋਤ ਨੇ ਐਤਵਾਰ ਨੂੰ ਕੇਜਰੀਵਾਲ ਨੂੰ ਪੱਤਰ ਲਿਖ ਕੇ ਅਸਤੀਫੇ ਦਾ ਐਲਾਨ ਕੀਤਾ ਸੀ। ਇਸ ਵਿੱਚ ਉਨ੍ਹਾਂ ਕਿਹਾ ਸੀ ਕਿ ਆਮ ਆਦਮੀ ਪਾਰਟੀ ਨੇ ਕੇਂਦਰ ਸਰਕਾਰ ਨਾਲ ਲੜਨ ਵਿੱਚ ਬਹੁਤ ਸਮਾਂ ਬਰਬਾਦ ਕੀਤਾ ਹੈ। ਪਾਰਟੀ ਨੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਹਨ।