ਫਾਜ਼ਿਲਕਾ: ਕਾਊਂਟਰ ਇੰਟੈਲੀਜੈਂਸ ਵਿੰਗ (The Counter Intelligence Wing) ਦੀ ਟੀਮ ਨੇ ਜ਼ਿਲ੍ਹੇ ਦੇ ਇੱਕ ਸਰਹੱਦੀ ਪਿੰਡ ਵਿੱਚ ਇੱਕ ਖੇਤ ਵਿੱਚੋਂ ਇੱਕ ਅਮਰੀਕੀ ਬਣਿਆ ਡਰੋਨ ਅਤੇ 2 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਇਸ ਸਬੰਧੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (State Special Operation Cell) ਥਾਣਾ ਫਾਜ਼ਿਲਕਾ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

ਕਾਊਂਟਰ ਇੰਟੈਲੀਜੈਂਸ ਟੀਮ ਜ਼ਿਲ੍ਹਾ ਫਾਜ਼ਿਲਕਾ ਦੇ ਥਾਣਾ ਸਦਰ ਜਲਾਲਾਬਾਦ ਦੇ ਸਰਹੱਦੀ ਖੇਤਰ ‘ਚ ਡਿਊਟੀ ‘ਤੇ ਸੀ, ਜਦੋਂ ਇਹ ਪਿੰਡ ਬਾਘੇ ਦੇ ਮੋੜ ‘ਤੇ ਪੁੱਜੀ ਤਾਂ ਮੁਖਬਰ ਨੇ ਸੂਚਨਾ ਦਿੱਤੀ ਕਿ ਪਿੰਡ ਧਰਮੂਵਾਲਾ ਜਲਾਲਾਬਾਦ ਅਤੇ ਨਾਨਕ ਨਗਰ ਦੇ ਆਸ-ਪਾਸ ਖੇਤਾਂ ‘ਚ ਇਕ ਭਾਰਤੀ ਤਸਕਰ ਨੇ ਡਰੋਨ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਖੇਪ ਮੰਗਵਾਈ ਗਈ ਹੈ । ਇਸ ਲਈ ਜੇਕਰ ਉਕਤ ਥਾਂ ਦੀ ਤਲਾਸ਼ੀ ਲਈ ਜਾਵੇ ਤਾਂ ਡਰੋਨ ਅਤੇ ਹੈਰੋਇਨ ਬਰਾਮਦ ਹੋਣ ਦੀ ਸੰਭਾਵਨਾ ਹੈ।

ਇਸ ’ਤੇ ਪੁਲਿਸ ਨੇ ਬੀ.ਐਸ.ਐਫ. ਦੀ ਮਦਦ ਨਾਲ ਪਿੰਡ ਧਰਮੂਵਾਲਾ, ਜਲਾਲਾਬਾਦ ਅਤੇ ਨਾਨਕ ਨਗਰ ਵਿੱਚ ਖੇਤਾਂ ਦੀ ਤਲਾਸ਼ੀ ਲਈ  ਤਾਂ ਉੱਥੋਂ ਇੱਕ ਅਮਰੀਕੀ ਬਣਿਆ ਡਰੋਨ ਮਿਲਿਆ, ਜੋ ਖਰਾਬ ਸੀ। ਇਸ ਤੋਂ ਇਲਾਵਾ ਉਥੋਂ ਇਕ ਕਾਲੇ ਰੰਗ ਦਾ ਬੈਗ ਵੀ ਮਿਲਿਆ, ਜਿਸ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 2 ਕਿਲੋ ਦੇ ਕਰੀਬ ਹੈਰੋਇਨ ਬਰਾਮਦ ਹੋਈ। ਐੱਸ.ਐੱਸ.ਓ.ਸੀ. ਫਾਜ਼ਿਲਕਾ ਦੇ ਥਾਣੇਦਾਰ ਹਰਦਿਆਲ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਏਅਰਕ੍ਰਾਫਟ ਐਕਟ ਦੀਆਂ ਧਾਰਾਵਾਂ 10, 11, 12 ਅਤੇ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Leave a Reply