ਤਹਿਰਾਨ : ਈਰਾਨ ਦੇ ਉੱਤਰੀ ਹਿੱਸੇ ‘ਚ ਇਕ ਹਸਪਤਾਲ ‘ਚ ਅੱਗ ਲੱਗ ਗਈ, ਜਿਸ ਕਾਰਨ 9 ਮਰੀਜ਼ ਜ਼ਿੰਦਾ ਸੜ ਗਏ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਸਰਕਾਰੀ ਮੀਡੀਆ ਨੇ ਕਿਹਾ ਕਿ ਰਾਜਧਾਨੀ ਤਹਿਰਾਨ ਤੋਂ ਲਗਭਗ 330 ਕਿਲੋਮੀਟਰ (ਲਗਭਗ 205 ਮੀਲ) ਉੱਤਰ-ਪੱਛਮ ਵਿਚ ਰਾਸ਼ਤ ਸ਼ਹਿਰ ਦੇ ਕਯਾਮ ਹਸਪਤਾਲ ਵਿਚ ਸਥਾਨਕ ਸਮੇਂ ਅਨੁਸਾਰ ਦੁਪਹਿਰ 1:30 ਵਜੇ ਅੱਗ ਲੱਗ ਗਈ, ਜਿਸ ਵਿਚ ਛੇ ਔਰਤਾਂ ਅਤੇ ਤਿੰਨ ਮਰਦਾਂ ਦੀ ਮੌਤ ਹੋ ਗਈ।
ਸ਼ਹਿਰ ਦੇ ਅੱਗ ਬੁਝਾਊ ਵਿਭਾਗ ਦੇ ਮੁਖੀ ਸ਼ਾਹਰਾਮ ਮੋਮੇਨੀ ਨੇ ਸਰਕਾਰੀ ਮੀਡੀਆ ‘ਤੇ ਦੱਸਿਆ ਕਿ ਬੇਸਮੈਂਟ ‘ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ। ਇੰਟੈਂਸਿਵ ਕੇਅਰ ਯੂਨਿਟ ਉੱਥੇ ਸਥਿਤ ਹੈ। ਮੋਮੇਨੀ ਨੇ ਕਿਹਾ ਕਿ ਐਮਰਜੈਂਸੀ ਕਰਮਚਾਰੀਆਂ ਨੇ ਉੱਥੇ ਫਸੇ 140 ਤੋਂ ਵੱਧ ਲੋਕਾਂ, ਮਰੀਜ਼ਾਂ ਅਤੇ ਹਸਪਤਾਲ ਦੇ ਸਟਾਫ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਵਿੱਚੋਂ 120 ਨੂੰ ਹੋਰ ਮੈਡੀਕਲ ਸਹੂਲਤਾਂ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ। ਔਨਲਾਈਨ ਪੋਸਟ ਕੀਤੀ ਗਈ ਇੱਕ ਵੀਡੀਓ ਵਿੱਚ ਅੱਧੀ ਰਾਤ ਦੇ ਕਰੀਬ ਹਸਪਤਾਲ ਵਿੱਚੋਂ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ।