ਪੰਜਾਬ : ਪੰਜਾਬ ਟਰੱਕ ਅਪਰੇਟਰ ਯੂਨੀਅਨ (Punjab Truck Operators Union) ਦੇ ਪੰਜਾਬ ਪ੍ਰਧਾਨ ਹੈਪੀ ਸੰਧੂ (Happy Sandhu) ਨੇ ਦੱਸਿਆ ਕਿ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਕੋਰ ਕਮੇਟੀ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ 14 ਫਰਵਰੀ ਨੂੰ ਜੰਮੂ-ਦਿੱਲੀ ਹਾਈਵੇਅ ’ਤੇ ਲਾਡੋਵਾਲ ਟੋਲ ਪਲਾਜ਼ਾ ਨੇੜੇ ਸੜਕ ਦੇ ਦੋਵੇਂ ਪਾਸੇ ਜਾਮ ਲਗਾ ਦਿੱਤਾ ਜਾਵੇਗਾ। ਉਨ੍ਹਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਅਤੇ ਹੋਰਾਂ ਨੂੰ ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਤਾਂ ਜੋ ‘ਹਿੱਟ ਐਂਡ ਰਨ’ ਦੇ ਨਵੇਂ ਕਾਨੂੰਨ ਨੂੰ ਰੱਦ ਕੀਤਾ ਜਾ ਸਕੇ। ਮੀਟਿੰਗ ਵਿੱਚ ਬਲਬੀਰ ਸਿੰਘ ਬਿੱਟੂ, ਜਗਜੀਤ ਸਿੰਘ ਕੰਬੋਜ, ਰਜਨੀਸ਼ ਸ਼ਰਮਾ, ਜਸਵੰਤ ਸਿੰਘ ਨੂਰਮਹਿਲ, ਜਸਵੰਤ ਸਿੰਘ, ਗੁਰਬਚਨ ਸਿੰਘ, ਮਨਜੀਤ ਸਿੰਘ ਸੱਤਾ, ਹਰਦੀਪ ਸਿੰਘ ਗੁਰਾਇਆ, ਤੋਚੀ ਸਰਪੰਚ, ਅਮਰ ਸਿੰਘ ਸਰਪੰਚ ਆਦਿ ਹਾਜ਼ਰ ਸਨ।

ਕੀ ਹੈ ‘ਹਿੱਟ ਐਂਡ ਰਨ’?
‘ਹਿੱਟ ਐਂਡ ਰਨ’ ਉਦੋਂ ਹੁੰਦਾ ਹੈ ਜਦੋਂ ਕਿਸੇ ਵਾਹਨ ਦੀ ਟੱਕਰ ਤੋਂ ਬਾਅਦ ਡਰਾਈਵਰ ਮੌਕੇ ਤੋਂ ਭੱਜ ਜਾਂਦਾ ਹੈ। ਅਜਿਹੇ ਵਿੱਚ ਜ਼ਖਮੀ ਵਿਅਕਤੀ ਨੂੰ ਜੇਕਰ ਸਮੇਂ ਸਿਰ ਹਸਪਤਾਲ ਪਹੁੰਚਾਇਆ ਜਾਵੇ ਜਾਂ ਮੁੱਢਲੀ ਸਹਾਇਤਾ ਦਿੱਤੀ ਜਾਵੇ ਤਾਂ ਉਸ ਨੂੰ ਬਚਾਇਆ ਜਾ ਸਕਦਾ ਹੈ। ਆਈਪੀਸੀ ਦੇ ਪੁਰਾਣੇ ਕਾਨੂੰਨ ਅਨੁਸਾਰ ਹਿੱਟ ਐਂਡ ਰਨ ਕੇਸ ਵਿੱਚ ਦੋ ਸਾਲ ਦੀ ਸਜ਼ਾ ਹੁੰਦੀ ਸੀ ਅਤੇ ਜ਼ਮਾਨਤ ਵੀ ਮਿਲਦੀ ਸੀ।

ਕੀ ਕਹਿੰਦਾ ਹੈ ਨਵਾਂ ਨੇਮ ?
ਨਵੇਂ ਨਿਯਮ ਦੇ ਮੁਤਾਬਕ ਜੇਕਰ ਡਰਾਈਵਰ ਸੜਕ ਹਾਦਸੇ ਤੋਂ ਬਾਅਦ ਪੁਲਿਸ ਨੂੰ ਟੱਕਰ ਦੀ ਸੂਚਨਾ ਦਿੱਤੇ ਬਿਨਾਂ ਮੌਕੇ ਤੋਂ ਫ਼ਰਾਰ ਹੋ ਜਾਂਦਾ ਹੈ ਤਾਂ ਉਸ ਨੂੰ 10 ਸਾਲ ਦੀ ਕੈਦ ਅਤੇ ਜੁਰਮਾਨਾ ਭਰਨਾ ਪਵੇਗਾ। ਇਹ ਨਵੇਂ ਨਿਯਮ ਪ੍ਰਾਈਵੇਟ ਵਾਹਨ ਚਾਲਕਾਂ ‘ਤੇ ਵੀ ਬਰਾਬਰ ਲਾਗੂ ਹੋਣਗੇ। ਇਸ ਕਾਰਨ ਦੇਸ਼ ਦੇ ਕਈ ਇਲਾਕਿਆਂ ‘ਚ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਵਿਰੋਧ ਕਰ ਰਹੇ ਲੋਕਾਂ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਦੀਆਂ ਧਾਰਾਵਾਂ ਬਹੁਤ ਸਖ਼ਤ ਹਨ ਅਤੇ ਇਨ੍ਹਾਂ ਨੂੰ ਨਰਮ ਕੀਤਾ ਜਾਣਾ ਚਾਹੀਦਾ ਹੈ।

Leave a Reply