ਇਸ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਸ਼ੁਰੂ ਹੋਣਗੀਆਂ ਪੰਜਾਬ ਤੋਂ ਥਾਈਲੈਂਡ ਲਈ ਸਿੱਧੀਆਂ ਉਡਾਣਾਂ
By admin / September 17, 2024 / No Comments / Punjabi News
ਅੰਮ੍ਰਿਤਸਰ : ਹੁਣ ਪੰਜਾਬ ਤੋਂ ਥਾਈਲੈਂਡ (Thailand) ਲਈ ਸਿੱਧੀਆਂ ਉਡਾਣਾਂ ਚੱਲਣਗੀਆਂ, ਜਿਸ ਤਹਿਤ ਅੰਮ੍ਰਿਤਸਰ ਤੋਂ ਨਵੀਂ ਕੌਮਾਂਤਰੀ ਉਡਾਣ ਸ਼ੁਰੂ ਹੋਵੇਗੀ। ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਥਾਈਲੈਂਡ ਦੀ ਥਾਈ ਲਾਇਨ ਏਅਰ ਵੱਲੋਂ 28 ਅਕਤੂਬਰ ਤੋਂ ਬੈਂਕਾਕ-ਅੰਮ੍ਰਿਤਸਰ ਦਰਮਿਆਨ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਫ਼ੈੈਸਲੇ ਦਾ ਸਵਾਗਤ ਕੀਤਾ ਹੈ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕੋਆਰਡੀਨੇਟਰ ਸਮੀਪ ਸਿੰਘ ਗੁਮਟਾਲਾ ਅਤੇ ਇੰਡੀਆ ਕੋਆਰਡੀਨੇਟਰ ਯੋਗੇਸ਼ ਕਾਮਰਾ ਨੇ ਨਵੀਆਂ ਉਡਾਣਾਂ ਦੇ ਐਲਾਨ ’ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਉਡਾਣ ਹਫ਼ਤੇ ਵਿੱਚ 4 ਦਿਨ ਚਲਾਈ ਜਾਵੇਗੀ। ਏਅਰਲਾਈਨ ਦੀ ਵੈੱਬਸਾਈਟ ਦੇ ਅਨੁਸਾਰ, ਇਹ ਉਡਾਣ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਰਾਤ 8:10 ਵਜੇ ਬੈਂਕਾਕ ਦੇ ਡੌਨ ਮੁਏਂਗ ਇੰਟਰਨੈਸ਼ਨਲ ਏਅਰਪੋਰਟ (DMK) ਤੋਂ ਰਵਾਨਾ ਹੋਵੇਗੀ ਅਤੇ ਸਿਰਫ 4 ਘੰਟੇ 45 ਮਿੰਟ ਬਾਅਦ ਸਥਾਨਕ ਸਮੇਂ ਅਨੁਸਾਰ ਰਾਤ 11:25 ਵਜੇ ਅੰਮ੍ਰਿਤਸਰ ਪਹੁੰਚੇਗੀ।
ਉਨਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਵਾਪਸੀ ਫਲਾਈਟ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਅੱਧੀ ਰਾਤ ਤੋਂ ਬਾਅਦ 00:25 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 06:15 ਵਜੇ 4:20 ਵਜੇ ਪਹੁੰਚੇਗੀ। ਇਹ ਉਡਾਣਾਂ ਪੰਜਾਬ ਅਤੇ ਉੱਤਰੀ ਭਾਰਤ ਦਰਮਿਆਨ ਹੋਰ ਸੰਪਰਕ ਲਿਆਉਣਗੀਆਂ। ਸੈਰ-ਸਪਾਟਾ ਅਤੇ ਵਪਾਰ ਨੂੰ ਹੁਲਾਰਾ ਮਿਲੇਗਾ। ਉਨ੍ਹਾਂ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਉਡਾਣ ਦਾ ਲਾਭ ਉਠਾ ਕੇ ਇਸ ਰੂਟ ਨੂੰ ਸਫ਼ਲ ਬਣਾਉਣ। ਯਾਤਰੀ ਥਾਈ ਲਾਇਨ ਏਅਰ ਦੀ ਅਧਿਕਾਰਤ ਵੈੱਬਸਾਈਟ, ਮੋਬਾਈਲ ਐਪ ਜਾਂ ਅਧਿਕਾਰਤ ਟਰੈਵਲ ਏਜੰਟਾਂ ਰਾਹੀਂ ਆਪਣੀਆਂ ਉਡਾਣਾਂ ਬੁੱਕ ਕਰ ਸਕਦੇ ਹਨ।