ਸ਼ਾਹਜਹਾਂਪੁਰ: ਉੱਤਰ ਪ੍ਰਦੇਸ਼ ਪੁਲਿਸ ਨੇ ਆਸਾਰਾਮ ਬਾਪੂ (Asaram Bapu) ਨਾਲ ਜੁੜੇ ਬਲਾਤਕਾਰ ਮਾਮਲੇ ਵਿੱਚ ਪੀੜਤਾ ਦੇ ਪਿਤਾ ਦੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਰਹੀ ਫਰਜ਼ੀ ਵੀਡੀਓ (The Fake Video) ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਵਾਇਰਲ ਹੋ ਰਹੀ ਉਕਤ ਵੀਡੀਓ ‘ਚ ਇਕ ਵਿਅਕਤੀ ਨੂੰ ਇਹ ਕਹਿੰਦੇ ਹੋਏ ਦੇਖਿਆ ਜਾ ਸਕਦਾ ਹੈ, ‘ਕਿਰਪਾ ਕਰਕੇ ਸਾਨੂੰ ਮਾਫ ਕਰ ਦਿਓ। ਮੇਰੀ ਧੀ ਨੇ ਝੂਠੇ ਦੋਸ਼ ਲਾਏ ਸਨ।
ਵੀਡੀਓ ਵਾਇਰਲ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਵਿਅਕਤੀ ਪੀੜਤਾ ਦਾ ਪਿਤਾ ਹੈ। ਪੀੜਤਾ ਦੇ ਪਿਤਾ ਨੇ ਅੱਜ ਦੱਸਿਆ ਕਿ ਆਸਾਰਾਮ ਬਾਪੂ ਦੇ ਚੇਲਿਆਂ ਵੱਲੋਂ ਉਨ੍ਹਾਂ ਨੂੰ ਜ਼ਲੀਲ ਕਰਨ ਲਈ ਇਹ ਫਰਜ਼ੀ ਵੀਡੀਓ ਵਾਇਰਲ ਕੀਤਾ ਜਾ ਰਿਹਾ ਹੈ। ਉਸ ਨੇ ਕਿਹਾ, ‘ਇਹ ਸਾਡੀ ਵੀਡੀਓ ਨਹੀਂ ਹੈ ਅਤੇ ਨਾ ਹੀ ਅਸੀਂ ਅਜਿਹਾ ਕੋਈ ਬਿਆਨ ਦਿੱਤਾ ਹੈ।’ ਉਨ੍ਹਾਂ ਕਿਹਾ ਕਿ ਵੀਡੀਓ ‘ਚ ਪੀੜਤਾ ਦੇ ਪਿਤਾ ਵਜੋਂ ਗੱਲ ਕਰਨ ਵਾਲੇ ਵਿਅਕਤੀ ਦੀ ਦਿੱਖ ਅਤੇ ਆਵਾਜ਼ ‘ਚ ਕਾਫੀ ਫਰਕ ਹੈ।
ਉਨ੍ਹਾਂ ਕਿਹਾ, “ਅਸੀਂ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ ਕਿ ਜਿਸ ਵਿਅਕਤੀ ਨੇ ਇਹ ਫਰਜ਼ੀ ਵੀਡੀਓ ਵਾਇਰਲ ਕੀਤੀ ਹੈ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਪੁਲਿਸ ਸੁਪਰਡੈਂਟ ਅਸ਼ੋਕ ਕੁਮਾਰ ਮੀਨਾ ਨੇ ਅੱਜ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਥਾਣਾ ਇੰਚਾਰਜ ਨੂੰ ਪੀੜਤਾ ਦੇ ਘਰ ਭੇਜਿਆ ਜਿੱਥੇ ਪੀੜਤ ਦੇ ਪਿਤਾ ਨੇ ਲਿਖਤੀ ਰੂਪ ‘ਚ ਕਿਹਾ ਕਿ ਵਾਇਰਲ ਵੀਡੀਓ ਉਨ੍ਹਾਂ ਦੀ ਨਹੀਂ ਹੈ। ਅਤੇ ਇੱਕ ਸਾਜ਼ਿਸ਼ ਦੇ ਤਹਿਤ ਇਸਨੂੰ ਵਾਇਰਲ ਕੀਤਾ ਗਿਆ ਹੈ ।
ਮੀਨਾ ਨੇ ਕਿਹਾ, ”ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਵਾਇਰਲ ਵੀਡੀਓ ਕਿੱਥੋਂ ਆਇਆ ਹੈ- ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਆਸਾਰਾਮ ਬਾਪੂ (81) ਨੇ 2013 ਵਿੱਚ ਸ਼ਾਹਜਹਾਂਪੁਰ ਦੀ ਇੱਕ 16 ਸਾਲਾ ਨਾਬਾਲਗ ਨਾਲ ਆਪਣੇ ਜੋਧਪੁਰ ਆਸ਼ਰਮ ਵਿੱਚ ਬਲਾਤਕਾਰ ਕੀਤਾ ਸੀ ਅਤੇ 2018 ਵਿੱਚ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸ ਤੋਂ ਬਾਅਦ ਆਸਾਰਾਮ ਬਾਪੂ ਜੇਲ੍ਹ ਵਿੱਚ ਹੈ।