ਰੋਹਤਕ: ਹਰਿਆਣਾ ‘ਚ ਲੋਕ ਸਭਾ ਚੋਣਾਂ (The Lok Sabha Elections) ਦੇ 6ਵੇਂ ਪੜਾਅ ‘ਚ ਵੋਟਿੰਗ ਚੱਲ ਰਹੀ ਹੈ। ਸੂਬੇ ਦੇ 10 ਲੋਕ ਸਭਾ ਅਤੇ ਇੱਕ ਵਿਧਾਨ ਸਭਾ ਹਲਕਿਆਂ ਵਿੱਚ ਸਵੇਰੇ 7 ਵਜੇ ਤੋਂ ਹੀ ਵੋਟਰ ਆਪਣੀ ਵੋਟ ਪਾਉਣ ਲਈ ਕਤਾਰਾਂ ਵਿੱਚ ਖੜ੍ਹੇ ਹਨ। ਉਧਰ, ਗਰਮੀ ਕਾਰਨ ਵੋਟਰਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਨੁਰਾਗ ਢਾਂਡਾ (Anurag Dhanda) ਨੇ ਰੋਹਤਕ ਦੇ ਸਰਕਾਰੀ ਹਾਈ ਸਕੂਲ ਸੁਖਪੁਰਾ ਦੇ ਬੂਥ ਨੰਬਰ 20 ‘ਤੇ ਪਰਿਵਾਰ ਸਮੇਤ ਵੋਟ ਪਾਈ।
ਇਸ ਦੌਰਾਨ ਸੁਖਪੁਰਾ ਦੇ ਬੂਥ ਨੰਬਰ 20 ‘ਤੇ ਆਮ ਲੋਕਾਂ ਦੇ ਨਾਲ ਅਨੁਰਾਗ ਢਾਂਡਾ ਕਤਾਰ ‘ਚ ਖੜ੍ਹੇ ਨਜ਼ਰ ਆਏ। ਆਪਣੀ ਵੋਟ ਪਾਉਣ ਤੋਂ ਬਾਅਦ ਢਾਂਡਾ ਨੇ ਸੂਬੇ ਦੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੇਰੁਜ਼ਗਾਰੀ, ਕਿਸਾਨਾਂ ‘ਤੇ ਹੋਏ ਅੱਤਿਆਚਾਰਾਂ ਅਤੇ ਔਰਤਾਂ ਦੇ ਅਪਮਾਨ ਦਾ ਬਦਲਾ ਵੋਟ ਦੇ ਕੇ ਲੈਣਾ ਚਾਹੀਦਾ ਹੈ। ਇਸ ਦੇ ਨਾਲ ਹੀ ਢਾਂਡਾ ਨੇ ਕਿਹਾ ਕਿ ਲਾਈਨ ‘ਚ ਖੜ੍ਹੇ ਵੋਟਰਾਂ ‘ਚ ਭਾਜਪਾ ਪ੍ਰਤੀ ਗੁੱਸਾ ਹੈ। ਪੂਰਾ ਹਰਿਆਣਾ ਭਾਜਪਾ ਦੇ ਖ਼ਿਲਾਫ਼ ਇਕਜੁੱਟ ਹੋ ਕੇ ਵੋਟਿੰਗ ਕਰ ਰਿਹਾ ਹੈ।