ਫਾਜ਼ਿਲਕਾ : ਆਟੋ-ਰਿਕਸ਼ਾ/ਈ-ਰਿਕਸ਼ਾ ਚਾਲਕਾਂ (Auto-Rickshaw/e-Rickshaw Drivers) ਅਤੇ ਹੋਰ ਯਾਤਰੀ ਪਰਿਵਾਰਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ। ਫਾਜ਼ਿਲਕਾ ਦੇ ਆਰ.ਟੀ.ਓ ਵਿਪਨ ਭੰਡਾਰੀ ਨੇ ਕਿਹਾ ਹੈ ਕਿ ਰਾਜ ਦੇ ਟਰਾਂਸਪੋਰਟ ਕਮਿਸ਼ਨਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਆਟੋ-ਰਿਕਸ਼ਾ/ਈ-ਰਿਕਸ਼ਾ ਅਤੇ ਯਾਤਰੀ ਆਵਾਜਾਈ ਵਾਲੇ ਵਾਹਨਾਂ ਦੇ ਡਰਾਈਵਰਾਂ ਲਈ ਵਰਦੀ ਪਹਿਨਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਹਦਾਇਤਾਂ ਅਨੁਸਾਰ ਸਲੇਟੀ ਰੰਗ ਦੀ ਵਰਦੀ ਪਹਿਨਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜਨਤਕ ਟਰਾਂਸਪੋਰਟ ਨਾਲ ਸਬੰਧਤ ਵਾਹਨਾਂ ਦੇ ਡਰਾਈਵਰ ਇਨ੍ਹਾਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ।
ਇਸ ਤੋਂ ਇਲਾਵਾ ਉਨ੍ਹਾਂ ਦੀ ਵਰਦੀ ‘ਤੇ ਡਰਾਈਵਰ ਦਾ ਨਾਮ ਅਤੇ ਡਰਾਈਵਰ ਲਾਇਸੈਂਸ ਨੰਬਰ ਵੀ ਲਿਖਿਆ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਅਜਿਹੇ ਵਾਹਨ ਚਾਲਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਜੇਕਰ ਇਨ੍ਹਾਂ ਹਦਾਇਤਾਂ ਦੀ ਪਾਲਣਾ ਨਾ ਕੀਤੀ ਗਈ ਤਾਂ ਵਿਭਾਗ ਵੱਲੋਂ ਜਲਦ ਹੀ ਮੋਟਰ ਵਹੀਕਲ ਐਕਟ 1988 ਤਹਿਤ ਬਣਾਏ ਨਿਯਮਾਂ ਤਹਿਤ ਕਾਰਵਾਈ ਕੀਤੀ ਜਾਵੇਗੀ।