ਅੱਜ ਦਿੱਲੀ ਵੱਲ ਕੂਚ ਕਰਨਗੇ ਕਿਸਾਨ
By admin / February 20, 2024 / No Comments / Punjabi News
ਚੰਡੀਗੜ੍ਹ: ਕਿਸਾਨਾਂ ਨੇ ਆਪਣੀਆਂ ਮੰਗਾਂ ਲਈ ਕੇਂਦਰ ਸਰਕਾਰ ਨਾਲ ਚਾਰ ਵਾਰ ਮੀਟਿੰਗ ਕੀਤੀ ਪਰ ਇਸ ਦਾ ਕੋਈ ਹੱਲ ਨਹੀਂ ਨਿਕਲਿਆ ਇਸ ਲਈ ਕਿਸਾਨ ਅੱਜ 11 ਵਜੇ ਦਿੱਲੀ ਵੱਲ ਕੂਚ ਕਰਨਗੇ। ਪੰਜਾਬ ਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ਜ਼ਬਰਦਸਤ ਤਣਾਅ ਦੀ ਸਥਿਤੀ ਹੈ। ਜਿਥੇ ਇਕ ਪਾਸੇ ਹਰਿਆਣਾ ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪੂਰੇ ਹਥਿਆਰਾਂ ਨਾਲ ਲੈਸ ਹੋ ਕੇ ਤਿਆਰ ਖੜੀ ਹੈ,ਉਥੇ ਬਾਰਡਰਾਂ ’ਤੇ ਇਕੱਠੇ ਹੋ ਚੁੱਕੇ ਲੱਖਾਂ ਕਿਸਾਨ ਵੀ ਅੱਜ ਬਾਰਡਰਾਂ ਨੂੰ ਤੋੜ ਕੇ ਅੱਗੇ ਵਧਣ ਲਈ ਡਟੇ ਹੋਏ ਹਨ।
ਨੌਜਵਾਨ ਕਿਸਾਨਾਂ ਨੇ ਵੀ ਪੁਲਿਸ ਅਤੇ ਪੈਰਾ ਮਿਲਟਰੀ ਫ਼ੋਰਸਾਂ ਦੇ ਨਾਕੇ ਤੋੜਨ ਲਈ ਤਿਆਰੀ ਕੀਤੀ ਹੋਈ ਹੈ। ਉਧਰ ਭਾਰੀ ਤਣਾਅ ਦੀ ਸਥਿਤੀ ਦਾ ਇਸ ਗੱਲ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਦੇ ਰਾਜਪਾਲ ਨੇ ਕਿਸਾਨਾਂ ਦੇ ਗੁੱਸੇ ਨੂੰ ਦੇਖਦਿਆਂ ਉਚ ਪੁਲਿਸ ਅਫ਼ਸਰਾਂ ਦੀ ਸਲਾਹ ਬਾਅਦ ਅਪਣਾ ਅੱਜ ਤੋਂ ਕੀਤਾ ਜਾਣ ਵਾਲਾ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਵੀ ਮੁਲਤਵੀ ਕਰ ਦਿਤਾ। ਸੂਬੇ ਵਿਚ ਕੋਈ ਵੱਡਾ ਸੰਕਟ ਪੈਦਾ ਹੋ ਜਾਣ ’ਤੇ ਵੀ ਰਾਜਪਾਲ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ ।
ਇਸ ਸਥਿਤੀ ਦੇ ਮੱਦੇਨਜ਼ਰ ਹੁਣ ਤਕ ਕਿਸਾਨਾਂ ਦੀ ਮਦਦ ਕਰ ਰਹੀ ਪੰਜਾਬ ਪੁਲਿਸ ਨੇ ਵੀ ਬਾਰਡਰਾਂ ਵਾਲੇ ਖੇਤਰਾਂ ਵਿਚ ਨਾਕਾਬੰਦੀਆਂ ਕਰ ਕੇ ਦੰਗਾ ਰੋਕੂ ਦਸਤਿਆਂ ਨੂੰ ਵੀ ਸਥਿਤੀ ਨਾਲ ਨਿਪਟਣ ਲਈ ਤਿਆਰ ਰਹਿਣ ਦੇ ਨਿਰਦੇਸ਼ ਦੇ ਦਿਤੇ ਹਨ। ਇਸ ਸਮੇਂ ਸਥਿਤੀ ਇਹ ਹੈ ਕਿ ਗੱਲਬਾਤ ਟੁਟਣ ਬਾਅਦ ਕਿਸਾਨ ਆਗੂਆਂ ਵਲੋਂ ਦਿੱਲੀ ਕੂਚ ਦੇ ਦਿਤੇ ਸੱਦੇ ਮੁਤਾਬਕ ਹਰ ਪਿੰਡ ਵਿਚੋਂ ਕਿਸਾਨ ਪੂਰੇ ਦੇ ਪੂਰੇ ਪ੍ਰਵਾਰਾਂ ਸਮੇਤ ਬਾਰਡਰਾਂ ਵਲ ਆ ਰਹੇ ਹਨ।
ਫ਼ੋਰਸ ਨੇ ਹੁੁਣ ਸਥਿਤੀ ਨੂੰ ਦੇਖਦਿਆਂ ਸਮੁੰਦਰੀ ਡਾਕੂਆਂ ਨਾਲ ਨਿਪਟਣ ਲਈ ਵਰਤੀਆਂ ਜਾਂਦੀਆਂ ਕੰਨ ਬੋਲੇ ਕਰਨ ਵਾਲੀਆਂ ਮਸ਼ੀਨਾਂ ਤਕ ਬਾਰਡਰਾਂ ਉਪਰ ਮੰਗਵਾ ਲਈਆਂ ਹਨ। ਦਰਵਾਜ਼ੇ ਤੋੜਨ ਵਾਲੇ ਗਰਨੇਡਾਂ, ਪੈਲਟਗੰਨਾਂ ਅਤੇ ਭਾਰੀ ਹੰਝੂ ਗੈਸ ਦੀ ਵਰਤੋਂ ਫ਼ੋਰਸ ਲਗਾਤਾਰ ਕਈ ਦਿਨ ਪਹਿਲਾਂ ਹੀ ਕਰ ਚੁੱਕੀ ਹੈ। ਦੂਜੇ ਪਾਸੇ ਹੁਣ ਬੈਰੀਕੋਡ ਤੋੜ ਕੇ ਦਿੱਲੀ ਵਧਣ ਦੇ ਇਰਾਦੇ ਨਾਲ ਕਿਸਾਨ ਵੀ ਬਾਰਡਰਾਂ ਤਕ ਕਰੇਨਾਂ ਤੇ ਹੋਰ ਸੀਮਿੰਟ ਦੇ ਬੈਰੀਕੋਡ ਤੋੜਨ ਵਾਲਾ ਸਾਜ਼ੋ ਸਾਮਾਨ ਲਿਆ ਚੁੱਕੇ ਹਨ।
ਤੁਹਾਨੂੰ ਦੱਸ ਦਈਏ ਕਿ ਸੰਭੂ ਬਾਰਡਰ ‘ਤੇ ਤਾਇਨਾਤ ਕਿਸਾਨਾ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ ਉਨ੍ਹਾਂ ‘ਤੇ ਪਲਾਸਟਿਕ ਦੀਆ ਗੋਲੀਆਂ ਚਲਾਈਆ ਗਈਆ ਜਿਸ ਵਿੱਚ ਲਗਭਗ 100 ਦੇ ਕਰੀਬ ਕਿਸਾਨ ਜਖ਼ਮੀ ਹੋ ਗਏ ਸਨ ਦੂਜੇ ਪਾਸੇ ਪੁਲਿਸ ਦੇ ਜਵਾਨ ਵੀ ਜਖ਼ਮੀ ਹੋ ਗਏ ਸਨ ।ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਅਤੇ ਖਨੌਰੀ ਬਾਰਡਰਾਂ ਉਪਰ ‘ਤੇ ਬੈਠੇ ਹਨ।