ਬੰਗਲਾਦੇਸ਼: ਬੰਗਲਾਦੇਸ਼ ਵਿਚ ਤਖਤਾਂ ਪਲਟ ਤੋਂ ਬਾਅਦ ਸ਼ੇਖ ਹਸੀਨਾ ਨੇ ਦੇਸ਼ ਛੱਡ ਦਿਤਾ ਸੀ। ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਪਿਛਲੇ ਅਗਸਤ ‘ਚ ਬੰਗਲਾਦੇਸ਼ ‘ਚ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨਾਂ ਅਤੇ ਹਿੰਸਾ ਦੌਰਾਨ ਦੇਸ਼ ਛੱਡਣਾ ਪਿਆ ਸੀ। ਸ਼ੇਖ ਹਸੀਨਾ ਉਦੋਂ ਤੋਂ ਹੀ ਭਾਰਤ ਵਿਚ ਕਿਸੇ ਸਥਾਨ ‘ਤੇ ਰਹਿ ਰਹੀ ਹੈ। ਇਸਦੇ ਨਾਲ ਹੀ ਹੁਣ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨਸ ਨੇ ਐਤਵਾਰ ਨੂੰ ਵੱਡਾ ਬਿਆਨ ਜਾਰੀ ਕੀਤਾ ਹੈ। ਮੁਹੰਮਦ ਯੂਨਸ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਸ਼ਾਸਨ ਸ਼ੇਖ ਹਸੀਨਾ ਨੂੰ ਭਾਰਤ ਤੋਂ ਵਾਪਸ ਭੇਜਣ ਦੀ ਮੰਗ ਕਰੇਗਾ।
ਦਰਅਸਲ, ਐਤਵਾਰ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਮੁਹੰਮਦ ਯੂਨੁਸ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ‘ਤੇ ਰਾਸ਼ਟਰ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਯੂਨਸ ਨੇ ਕਿਹਾ ਕਿ ਅੰਤਰਿਮ ਸਰਕਾਰ ਹਸੀਨਾ ਸਮੇਤ ਉਨ੍ਹਾਂ ਲੋਕਾਂ ‘ਤੇ ਮੁਕੱਦਮਾ ਚਲਾਏਗੀ, ਜੋ ਵਿਦਿਆਰਥੀਆਂ ਦੀ ਅਗਵਾਈ ਵਾਲੇ ਪ੍ਰਦਰਸ਼ਨਾਂ ਦੌਰਾਨ ਸੈਂਕੜੇ ਮੌਤਾਂ ਲਈ ਜ਼ਿੰਮੇਵਾਰ ਹਨ।
ਦੱਸ ਦੇਈਏ ਕਿ ਮੁਹੰਮਦ ਯੂਨਸ ਨੇ 8 ਅਗਸਤ ਨੂੰ ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ। ਮੁਹੰਮਦ ਯੂਨਸ ਨੇ ਕਿਹਾ ਹੈ ਕਿ ਸਿਰਫ ਵਿਰੋਧ ਪ੍ਰਦਰਸ਼ਨ ਹੀ ਨਹੀਂ ਬਲਕਿ ਸ਼ੇਖ ਹਸੀਨਾ ਦੇ ਸ਼ਾਸਨ ਦੌਰਾਨ ਕਥਿਤ ਤੌਰ ‘ਤੇ ਲਾਪਤਾ ਕੀਤੇ ਲੋਕਾਂ ਸਮੇਤ ਹੋਰ ਸਾਰੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਵੀ ਜਾਂਚ ਕੀਤੀ ਜਾਵੇਗੀ। ਬੰਗਲਾਦੇਸ਼ ‘ਚ ਮੁਹੰਮਦ ਯੂਨਸ ਦੇ ਪ੍ਰਸ਼ਾਸਨ ਨੇ ਵੀ ਸ਼ੇਖ ਹਸੀਨਾ ਅਤੇ ਉਸ ਦੇ ਸਾਥੀਆਂ ਦੀ ਗ੍ਰਿਫਤਾਰੀ ਲਈ ‘ਰੈੱਡ ਨੋਟਿਸ’ ਜਾਰੀ ਕਰਨ ਲਈ ਇੰਟਰਪੋਲ ਤੋਂ ਮਦਦ ਮੰਗੀ ਹੈ।