ਲੁਧਿਆਣਾ : ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ (ਸੈਕੰਡਰੀ) ਅਤੇ ਸਕੂਲ ਮੁਖੀਆਂ ਨੂੰ ਇਕ ਅਹਿਮ ਪੱਤਰ ਜਾਰੀ ਕਰਕੇ ਅਧਿਆਪਕਾਂ, ਕੰਪਿਊਟਰ ਫੈਕਲਟੀ ਅਤੇ ਗੈਰ-ਅਧਿਆਪਨ ਸਟਾਫ ਦੀ ਬਦਲੀ ਪ੍ਰਕਿਿਰਆ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਦਿੱਤੇ ਹਨ।
ਇਸ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਜਿਹੜੇ ਕਰਮਚਾਰੀ ਤਬਾਦਲਾ ਨੀਤੀ ਅਧੀਨ ਆਉਂਦੇ ਹਨ ਅਤੇ ਤਬਾਦਲਾ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਲਈ 10 ਅਗਸਤ ਤੱਕ ਆਨਲਾਈਨ ਅਰਜ਼ੀਆਂ ਪ੍ਰਾਪਤ ਕੀਤੀਆਂ ਗਈਆਂ ਸਨ। ਬਿਨੈਕਾਰਾਂ ਨੇ ਈ-ਪੰਜਾਬ ਪੋਰਟਲ ‘ਤੇ ਆਪਣੇ ਵੇਰਵੇ ਭਰੇ ਸਨ, ਜਿਸ ਦੀ ਵੈਰੀਫਿਕੇਸ਼ਨ ਸਕੂਲ ਮੁਖੀ ਜਾਂ ਡੀ.ਡੀ.ਓ. 12 ਅਗਸਤ ਤੱਕ ਕੀਤੀ ਜਾਣੀ ਹੈ।
ਸਕੂਲ ਮੁਖੀ/ਡੀ.ਡੀ.ਓ ਨੂੰ ਈ-ਪੰਜਾਬ ਪੋਰਟਲ ‘ਤੇ ਲੌਗਇਨ ਕਰਕੇ ‘ਟ੍ਰਾਂਸਫਰ ਐਂਡ ਵੈਰੀਫਿਕੇਸ਼ਨ’ ਲੰਿਕ ਰਾਹੀਂ ਬਿਨੈਕਾਰਾਂ ਦੁਆਰਾ ਭਰੇ ਗਏ ਡੇਟਾ ਦੀ ਤਸਦੀਕ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਕਿਸੇ ਬਿਨੈਕਾਰ ਦੇ ਡੇਟਾ ਵਿੱਚ ਕੋਈ ਗਲਤੀ ਪਾਈ ਜਾਂਦੀ ਹੈ, ਤਾਂ ਇਹ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਇਸ ਨੂੰ ਸਮੇਂ ਸਿਰ ਠੀਕ ਕੀਤਾ ਜਾਵੇ।
ਡੇਟਾ ਵੈਰੀਫਿਕੇਸ਼ਨ ਤੋਂ ਬਾਅਦ, ਸਕੂਲ ਮੁਖੀ/ਡੀ.ਡੀ.ਓ. ‘ਅਪ੍ਰੂਵ’ ਬਟਨ ਦਬਾਉਣਾ ਹੋਵੇਗਾ। ਸਕੂਲਾਂ ਜਾਂ ਦਫ਼ਤਰਾਂ ਵਿੱਚ ਜਿੱਥੇ ਸਕੂਲ ਮੁਖੀ/ਡੀ.ਡੀ.ਓ. ਮੌਜੂਦ ਨਹੀਂ ਹੈ, ਉੱਥੇ ਕੰਮ ਕਰ ਰਹੇ ਸੀਨੀਅਰ ਅਧਿਆਪਕ ਜਾਂ ਕਰਮਚਾਰੀ ਤਬਾਦਲੇ ਦੇ ਉਦੇਸ਼ ਲਈ ਡੇਟਾ ਦੀ ਪੁਸ਼ਟੀ ਕਰਨਗੇ।